ਆਤਿਸ਼ ਗੁਪਤਾ
ਚੰਡੀਗੜ੍ਹ, 13 ਜੂਨ
ਦੱਖਣ-ਪੱਛਮੀ ਮੌਨਸੂਨ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ 15 ਦਿਨ ਪਹਿਲਾਂ ਦਸਤਕ ਦੇ ਦਿੱਤੀ ਹੈ। ਜਦਕਿ ਅਗਲੇ 48 ਘੰਟਿਆਂ ਵਿੱਚ ਇਹ ਲਗਭਗ ਸਾਰੇ ਹਿੱਸਿਆਂ ਵਿਚ ਪਹੁੰਚ ਜਾਵੇਗਾ। ਇਸ ਕਾਰਨ ਮੌਸਮ ਖ਼ੁਸ਼ਗਵਾਰ ਹੋ ਗਿਆ ਹੈ ਤੇ ਲੋਕਾਂ ਨੂੰ ਅਤਿ ਦੀ ਗਰਮੀ ਤੋਂ ਰਾਹਤ ਮਿਲੀ ਹੈ। ਮੌਸਮ ਵਿਭਾਗ ਦੇ ਅਧਿਕਾਰੀ ਸ਼ਿਵਇੰਦਰ ਸਿੰਘ ਨੇ ਦੱਸਿਆ ਕਿ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਮੌਨਸੂਨ ਨੇ ਉਮੀਦ ਨਾਲੋਂ 15 ਦਿਨ ਪਹਿਲਾਂ ਦਸਤਕ ਦੇ ਦਿੱਤਾ ਹੈ। ਸ਼ੁਰੂਆਤ ’ਚ ਮੌਨਸੂਨ ਪੰਜਾਬ ਅਤੇ ਹਰਿਆਣਾ ਦੇ ਉੱਤਰੀ ਖੇਤਰ ਵਿੱਚ ਪਹੁੰਚਿਆ ਹੈ। ਜਦਕਿ ਅਗਾਮੀ 48 ਘੰਟੇ ਵਿੱਚ ਇਹ ਪੂਰੇ ਸੂਬੇ ਵਿੱਚ ਪਹੁੰਚ ਜਾਵੇਗਾ। ਉਨ੍ਹਾਂ ਦੱਸਿਆ ਕਿ 14 ਅਤੇ 15 ਜੂਨ ਨੂੰ ਦੋਵਾਂ ਸੂਬਿਆਂ ਵਿੱਚ ਮੀਂਹ ਪੈਣ ਦੇ ਨਾਲ-ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਮੌਸਮ ਵਿਭਾਗ ਅਨੁਸਾਰ ਪੰਜਾਬ ਅਤੇ ਹਰਿਆਣਾ ਦੇ ਉੱਤਰੀ ਹਿੱਸਿਆਂ ਵਿੱਚ ਮੌਨਸੂਨ ਨੇ ਦਸਤਕ ਦਿੱਤੀ ਹੈ। ਇਸ ਕਾਰਨ ਦੋਵਾਂ ਸੂਬਿਆਂ ਵਿੱਚ ਕਈ ਥਾਵਾਂ ’ਤੇ ਮੀਂਹ ਪਿਆ। ਜਦਕਿ ਮੌਸਮ ਵਿਭਾਗ ਨੇ 14 ਅਤੇ 15 ਜੂਨ ਨੂੰ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੌਰਾਨ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਪਿਛਲੇ ਦੋ ਦਿਨਾਂ ਤੋਂ ਰਾਤ ਵੇਲੇ ਪੈ ਰਹੇ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ। ਝੋਨਾ ਲਾਉਣ ਆਏ ਪ੍ਰਵਾਸੀ ਮਜ਼ਦੂਰ ਵੀ ਖ਼ੁਸ਼ ਹਨ। ਪੰਜਾਬ ਵਿੱਚ ਝੋਨਾ ਲਾਉਣ ਦੀ ਸ਼ੁਰੂਆਤ ਵਿੱਚ ਹੀ ਮੀਂਹ ਨਾਲ ਕਿਸਾਨਾਂ ਨੂੰ ਰਾਹਤ ਮਿਲੀ ਹੈ। ਡੀਜ਼ਲ ਦੀ ਖ਼ਪਤ ਵੀ ਇਸ ਨਾਲ ਘਟੇਗੀ। ਮੀਂਹ ਕਰਕੇ ਮੌਸਮ ਵਿੱਚ ਆਈ ਤਬਦੀਲੀ ਨਾਲ ਬਿਜਲੀ ਦੀ ਮੰਗ ਘੱਟ ਗਈ ਹੈ। ਇਸ ਕਾਰਨ ਪਾਵਰਕੌਮ ਨੇ ਸੁੱਖ ਦਾ ਸਾਹ ਲਿਆ ਹੈ। ਮੌਸਮ ਵਿਭਾਗ ਅਨੁਸਾਰ 24 ਘੰਟਿਆਂ ਵਿੱਚ ਚੰਡੀਗੜ੍ਹ ਵਿੱਚ 23 ਐੱਮਐੱਮ ਮੀਂਹ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਦੇ ਅੰਮ੍ਰਿਤਸਰ ’ਚ 16 ਐੱਮਐੱਮ, ਲੁਧਿਆਣਾ ’ਚ 15 ਐੱਮਐੱਮ, ਬਠਿੰਡਾ ’ਚ 13 ਐੱਮਐੱਮ, ਪਟਿਆਲਾ, ਪਠਾਨਕੋਟ ਅਤੋ ਹੋਰਨਾਂ ਇਲਾਕਿਆਂ ਵਿੱਚ ਕਿਣ-ਮਿਣ ਹੋਈ ਹੈ। ਹਰਿਆਣਾ ਦੇ ਸਿਰਸਾ ’ਚ 101.4 ਐੱਮਐੱਮ, ਡਬਵਾਲੀ ’ਚ 62 ਐੱਮਐੱਮ, ਨਰਵਾਣਾ ’ਚ 32 ਐੱਮਐੱਮ, ਫਤਿਆਬਾਦ ’ਚ 52 ਐੱਮਐੱਮ, ਅੰਬਾਲਾ ’ਚ 28.6 ਐੱਮਐੱਮ, ਹਾਂਸੀ ’ਚ 20 ਐੱਮਐੱਮ, ਝੱਜਰ ’ਚ 19 ਐੱਮਐੱਮ, ਨਾਰਨੌਲ ’ਚ 16 ਐੱਮਐੱਮ, ਰੋਹਤਕ ’ਚ 50 ਐੱਮਐੱਮ, ਹਿਸਾਰ ’ਚ 10 ਐੱਮਐੱਮ, ਭਿਵਾਨੀ ’ਚ 31 ਐੱਮਐੱਮ ਅਤੇ ਗੁਰੂਗ੍ਰਾਮ ’ਚ 6.4 ਐੱਮਐੱਮ ਮੀਂਹ ਦਰਜ ਕੀਤਾ ਹੈ। ਪੰਜਾਬ ਅਤੇ ਹਰਿਆਣਾ ਵਿੱਚ ਪਏ ਮੀਂਹ ਅਤੇ ਚੱਲੀਆਂ ਤੇਜ਼ ਹਵਾਵਾਂ ਕਰਕੇ ਤਾਪਮਾਨ ਵੀ ਆਮ ਨਾਲੋਂ ਕਾਫ਼ੀ ਡਿੱਗ ਗਿਆ। ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 33.9 ਡਿਗਰੀ ਸੈਲਸੀਅਸ ਦਰਜ ਕੀਤਾ ਹੈ ਜੋ ਕਿ ਆਮ ਨਾਲੋਂ 5 ਡਿਗਰੀ ਘੱਟ ਹੈ। ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ ਤਾਪਮਾਨ 32.5 ਡਿਗਰੀ ਸੈਲਸੀਅਸ ਦਰਜ ਕੀਤਾ ਹੈ ਜੋ ਕਿ ਆਮ ਨਾਲੋਂ 7 ਡਿਗਰੀ ਹੇਠਾਂ ਡਿੱਗ ਗਿਆ ਹੈ। ਇਸੇ ਤਰ੍ਹਾਂ ਲੁਧਿਆਣਾ ਵਿੱਚ ਵੱਧ ਤੋਂ ਵੱਧ ਤਾਪਮਾਨ 33.2 ਅਤੇ ਪਟਿਆਲਾ ਵਿੱਚ 35.1 ਡਿਗਰੀ ਸੈਲਸੀਅਸ ਸੀ। ਹਰਿਆਣਾ ਦੇ ਹਿਸਾਰ ਵਿੱਚ ਵੱਧ ਤੋਂ ਵੱਧ ਤਾਪਮਾਨ 32.6 ਡਿਗਰੀ ਸੈਲਸੀਅਸ ਦਰਜ ਕੀਤਾ ਹੈ ਜੋ ਕਿ ਆਮ ਨਾਲੋਂ 9 ਡਿਗਰੀ ਹੇਠਾਂ ਡਿੱਗ ਗਿਆ ਹੈ।
ਮਾਲਵਾ ਖੇਤਰ ਵਿਚ ਮੀਂਹ ਨਾਲ ਕਈ ਥਾਈਂ ਨੁਕਸਾਨ
ਬਠਿੰਡਾ (ਟਨਸ): ਮਾਲਵਾ ਖੇਤਰ ਵਿਚ ਲੰਘੀ ਸ਼ਾਮ ਝੁੱਲੇ ਝੱਖੜ ਤੇ ਭਾਰੀ ਮੀਂਹ ਨੇ ਪੇਂਡੂ ਤੇ ਦਿਹਾਤੀ ਖੇਤਰਾਂ ਵਿਚ ਕਈ ਥਾਈਂ ਕਾਫੀ ਨੁਕਸਾਨ ਕੀਤਾ ਹੈ। ਸ਼ਹਿਰੀ ਖੇਤਰ ਵਿੱਚ ਸੜਕਾਂ ਉੱਤੇ ਪਾਣੀ ਭਰਨ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਝੱਖੜ ਨਾਲ ਕਈ ਥਾਈਂ ਬਿਜਲੀ ਦੇ ਵੱਡੀ ਗਿਣਤੀ ਖੰਭੇ ਡਿੱਗ ਗਏ। ਮੀਂਹ ਕਾਰਨ ਮਲੋਟ ਵਿਚ ਇਕ ਮਜ਼ਦੂਰ ਦੇ ਘਰ ਦੀ ਛੱਤ ਡਿੱਗ ਗਈ, ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਬੋਹਾ ਤੇ ਬਰੇਟਾ ਖੇਤਰਾਂ ਵਿਚ ਬਿਜਲੀ ਦੇ ਖੰਭੇ ਤੇ ਦਰੱਖਤ ਡਿੱਗ ਗਏ। ਲੰਬੀ ਵਿਚ ਝੱਖੜ ਕਾਰਨ ਇਕ ਪੋਲਟਰੀ ਫਾਰਮ ਢਹਿ ਢੇਰੀ ਹੋ ਗਿਆ। ਹਰਿਆਣਾ ਵਿਚ ਪੈਂਦੇ ਕਾਲਾਂਵਾਲੀ ਵਿਚ ਉਸਾਰੀ ਅਧੀਨ ਇਮਾਰਤ ਦੀ ਕੰਧ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਤੇ ਤਿੰਨ ਜਣੇ ਜ਼ਖ਼ਮੀ ਹੋ ਗਏ।