ਟ੍ਰਿਬਿਊਨ ਨਿਊਜ਼ ਸਰਵਿਸ/ਪੀਟੀਆਈ
ਚੰਡੀਗੜ੍ਹ/ਨਵੀਂ ਦਿੱਲੀ, 28 ਜੂਨ
ਪੰਜਾਬ, ਹਰਿਆਣਾ ਅਤੇ ਦਿੱਲੀ ਵਿੱਚ 30 ਜੂਨ ਰਾਤ ਤੋਂ ਜਾਂ ਪਹਿਲੀ ਜੁਲਾਈ ਨੂੰ ਸਵੇਰੇ ਮੌਨਸੂਨ ਦਸਤਕ ਦੇ ਸਕਦਾ ਹੈ, ਜਿਸ ਨਾਲ ਪਾਰਾ ਆਮ ਨਾਲੋਂ ਹੇਠਾਂ ਡਿੱਗਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਅਗਲੇ 36 ਘੰਟੇ ਤੋਂ 48 ਘੰਟਿਆਂ ਵਿੱਚ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸੇ ਦੌਰਾਨ ਭਾਰਤੀ ਮੌਸਮ ਵਿਭਾਗ (ਆਈਐੱਮਡੀ) ਨੇ ਅੱਜ ਕਿਹਾ ਕਿ ਦਿੱਲੀ ਵਿੱਚ 30 ਜੂਨ ਜਾਂ ਪਹਿਲੀ ਜੁਲਾਈ ਨੂੰ ਮੌਨਸੂਨ ਦੀ ਪਹਿਲੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਅਤੇ ਪੰਜਾਬ ਸਣੇ ਹੋਰ ਸੂਬਿਆਂ ਵਿੱਚ ਮੌਨਸੂਨ ਅੱਗੇ ਵਧਣ ਲਈ ਵੀ ਹਾਲਾਤ ਸਾਜ਼ਗਾਰ ਹਨ। ਦਿੱਲੀ ਵਿੱਚ ਦੱਖਣ-ਪੱਛਮੀ ਮੌਨਸੂਨ ਆਮ ਕਰਕੇ 27 ਜੂਨ ਤੱਕ ਪਹੁੰਚ ਜਾਂਦੀ ਹੈ। ਭਾਰਤੀ ਮੌਸਮ ਵਿਭਾਗ ਦੇ ਸੀਨੀਅਰ ਵਿਗਿਆਨੀ ਆਰ.ਕੇ. ਜੇਨਾਮਨੀ ਨੇ ਕਿਹਾ ਕਿ ਦਿੱਲੀ ਵਿੱਚ 30 ਜੂਨ ਨੂੰ ਭਰਵਾਂ ਮੀਂਹ ਪੈਣ ਦੇ ਆਸਾਰ ਹਨ ਅਤੇ ਵੀਰਵਾਰ ਜਾਂ ਸ਼ੁੱਕਰਵਾਰ ਨੂੰ ਮੌਨਸੂਨ ਦੀ ਆਮਦ ਦਾ ਐਲਾਨ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਅਗਲੇ 24 ਘੰਟਿਆਂ ਵਿੱਚ ਉੱਤਰਾਖੰਡ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਉੱਤਰ ਪ੍ਰਦੇਸ਼ ਵਿੱਚ ਮੌਨਸੂਨ ਅੱਗੇ ਵਧਣ ਲਈ ਹਾਲਾਤ ਸਾਜ਼ਗਾਰ ਹਨ। ਉਨ੍ਹਾਂ ਮੁਤਾਬਕ ਇਸ ਖੇਤਰ ਵਿੱਚ ਪੂਰਬੀ ਹਵਾਵਾਂ ਚੱਲਣ, ਨਮੀ ਅਤੇ ਹੋਰ ਸੰਚਾਲਕ ਸਰਗਰਮੀਆਂ ਵਿੱਚ ਵਾਧਾ ਹੋਇਆ ਹੈ। ਮੌਸਮ ਵਿਗਿਆਨੀ ਸ਼ਿਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਵਿੱਚ ਜਲਦ ਹੀ ਦੱਖਣੀ-ਪਛਮੀ ਮੌਨਸੂਨ ਦਸਤਕ ਦੇਵੇਗਾ। ਉਨ੍ਹਾਂ ਦੱਸਿਆ ਕਿ ਇਸ ਸਾਲ ਮੌਨਸੂਨ ਵਿੱਚ ਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ 30 ਜੂਨ ਨੂੰ ਪੰਜਾਬ ਵਿੱਚ ਯੈਲੋ ਅਲਰਟ ਅਤੇ 1 ਜੁਲਾਈ ਨੂੰ ਸੰਤਰੀ ਚਿਤਾਵਨੀ ਜਾਰੀ ਕਰ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਕ ਜੁਲਾਈ ਨੂੰ ਸੂਬੇ ਦੇ ਕੁਝ ਹਿੱਸਿਆ ਵਿੱਚ ਭਾਰੀ ਮੀਂਹ ਅਤੇ ਹਨੇਰੀ ਚੱਲੇਗੀ।