ਸਤਵਿੰਦਰ ਬਸਰਾ
ਲੁਧਿਆਣਾ, 20 ਜੂਨ
ਪੰਜਾਬ ਵਿੱਚ ਮੌਨਸੂਨ ਜੂਨ ਦੇ ਆਖਰੀ ਹਫ਼ਤੇ ’ਚ ਆਉਣ ਦੀ ਸੰਭਾਵਨਾ ਬਣ ਗਈ ਹੈ। ਪੀਏਯੂ ਮੌਸਮ ਵਿਭਾਗ ਦੇ ਮਾਹਿਰ ਅਨੁਸਾਰ 25 ਅਤੇ 26 ਜੂਨ ਨੂੰ ਮੀਂਹ ਪੈ ਸਕਦਾ ਹੈ। ਸੂਬੇ ਦੇ ਲੋਕਾਂ ਨੂੰ ਆਉਂਦੇ ਦਿਨਾਂ ਵਿੱਚ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਬਣਦੀ ਜਾ ਰਹੀ ਹੈ। ਲੁਧਿਆਣਾ ਵਿੱਚ ਸ਼ੁੱਕਰਵਾਰ ਦੇਰ ਸ਼ਾਮ ਪਏ ਜ਼ੋਰਦਾਰ ਮੀਂਹ ਤੋਂ ਬਾਅਦ ਅੱਜ ਸਾਰਾ ਦਿਨ ਹੁੰਮਸ ਵਾਲਾ ਮੌਸਮ ਬਣਿਆ ਰਿਹਾ। ਅੱਜ ਲੁਧਿਆਣਾ ਵਿੱਚ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਬੀਤੇ ਦਿਨ ਨਾਲੋਂ ਦੋ ਸੈਲਸੀਅਸ ਵੱਧ ਹੈ।
ਪੀਏਯੂ ਦੀ ਮੌਸਮ ਵਿਭਾਗ ਮਾਹਿਰ ਡਾ. ਕੇ ਕੇ ਗਿੱਲ ਨੇ ਦੱਸਿਆ ਕਿ ਸੂਬੇ ਵਿੱਚ ਪ੍ਰੀ-ਮੌਨਸੂਨ ਪਹੁੰਚ ਚੁੱਕੀ ਹੈ ਜਦਕਿ ਅਸਲ ਮੌਨਸੂਨ 25 ਤੋਂ 30 ਜੂਨ ਦੌਰਾਨ ਪਹੁੰਚ ਸਕਦੀ ਹੈ। ਉਨ੍ਹਾਂ ਦੱਸਿਆ ਕਿ ਆਮ ਤੌਰ ’ਤੇ ਜਦੋਂ ਦੱਖਣੀ-ਪੱਛਮੀ ਹਵਾਵਾਂ ਚੱਲਦੀਆਂ ਹਨ ਤਾਂ ਇਹ ਅਨੁਮਾਨ ਲੱਗ ਜਾਂਦਾ ਹੈ ਕਿ ਮੌਨਸੂਨ ਆਉਣ ਵਾਲੀ ਹੈ। ਉਧਰ ਸ਼ਿਮਲਾ ’ਚ ਮੌਸਮ ਵਿਭਾਗ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਕਿਹਾ ਕਿ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ’ਚ 24 ਜੂਨ ਨੂੰ ਮੌਨਸੂਨ ਆ ਸਕਦੀ ਹੈ। ਡਾ. ਗਿੱਲ ਨੇ ਖੁਲਾਸਾ ਕੀਤਾ ਕਿ 1 ਤੋਂ 15 ਜੂਨ ਤੱਕ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਵਧੀਆ ਝਾੜ ਮਿਲਣ ਦੀ ਪੂਰੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਦੇ ਮਾਹਿਰਾਂ ਮੁਤਾਬਕ ਦਿੱਲੀ ਵਿੱਚ ਮੌਨਸੂਨ ਸੰਭਾਵਿਤ ਤਰੀਕ 27 ਜੂਨ ਤੋਂ ਦੋ-ਤਿੰਨ ਦਿਨ ਪਹਿਲਾਂ ਪਹੁੰਚ ਸਕਦੀ ਹੈ ਕਿਉਂਕਿ ਪੱਛਮੀ ਬੰਗਾਲ ਅਤੇ ਉਸ ਦੇ ਗੁਆਂਂਢੀ ਇਲਾਕਿਆਂ ਵਿੱਚ ਬਣਿਆ ਚੱਕਰਵਾਤੀ ਦਬਾਅ ਦੱਖਣ ਪੱਛਮੀ ਉੱਤਰ ਪ੍ਰਦੇਸ਼ ਵੱਲ ਵਧ ਚੁੱਕਾ ਹੈ। ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਵਿੱਚ ਅਗਲੇ ਹਫ਼ਤੇ ਦੌਰਾਨ ਤੇਜ਼ ਹਵਾਵਾਂ ਵਗਣ ਅਤੇ ਗਰਜ ਸਬੰਧੀ ‘ਪੀਲੀ ਚਿਤਾਵਨੀ’ ਵੀ ਜਾਰੀ ਕੀਤੀ ਹੈ।