ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਜੁਲਾਈ
ਪੰਜਾਬ ਵਿੱਚ ਮੱਠਾ ਪੈਣ ਮਗਰੋਂ ਮੁੜ ਮੌਨਸੂਨ ਸਰਗਰਮ ਹੋ ਗਿਆ ਹੈ। ਅੱਜ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੀਂਹ ਪਿਆ ਅਤੇ ਝੱਖੜ ਚੱਲਿਆ। ਤੇਜ਼ ਹਵਾ ਕਾਰਨ ਕਈ ਥਾਵਾਂ ’ਤੇ ਦਰੱਖਤ ਟੁੱਟ ਕੇ ਸੜਕਾਂ ’ਤੇ ਡਿੱਗ ਗਏ, ਜਿਸ ਕਾਰਨ ਸੜਕੀ ਆਵਾਜਾਈ ਤੇ ਬਿਜਲੀ ਸਪਲਾਈ ਪ੍ਰਭਾਵਿਤ ਹੋਈ। ਦੂਜੇ ਪਾਸੇ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਦੁਪਹਿਰ ਸਮੇਂ ਪਏ ਮੀਂਹ ਨੇ ਸੂਬੇ ਦੇ ਕਈ ਸ਼ਹਿਰਾਂ ਵਿੱਚ ਪਾਣੀ-ਪਾਣੀ ਹੋ ਗਿਆ, ਜਿਸ ਕਰਕੇ ਲੋਕਾਂ ਨੂੰ ਸੜਕਾਂ ਤੋਂ ਗੁਜ਼ਰਨਾ ਮੁਸ਼ਕਲ ਹੋ ਗਿਆ। ਮੌਸਮ ਵਿਭਾਗ ਅਨੁਸਾਰ ਅੱਜ ਚੰਡੀਗੜ੍ਹ, ਪਟਿਆਲਾ, ਲੁਧਿਆਣਾ, ਪਠਾਨਕੋਟ, ਗੁਰਦਾਸਪੁਰ, ਮੁਹਾਲੀ, ਰੋਪੜ, ਨਵਾਂ ਸ਼ਹਿਰ, ਫ਼ਤਹਿਗੜ੍ਹ ਸਾਹਿਬ ਸਣੇ ਹੋਰਨਾਂ ਸ਼ਹਿਰਾਂ ਵਿੱਚ ਮੀਂਹ ਪਿਆ ਹੈ। ਇਸ ਦੇ ਨਾਲ ਹੀ ਮੌਸਮ ਵਿਗਿਆਨੀਆਂ ਨੇ 5 ਜੁਲਾਈ ਨੂੰ ਪੰਜਾਬ ਦੇ ਕੁਝ ਹਿੱਸਿਆਂ ’ਚ ਹਲਕਾ ਅਤੇ 6 ਤੋਂ 8 ਜੁਲਾਈ ਤੱਕ ਜ਼ਿਆਦਾਤਰ ਹਿੱਸਿਆ ’ਚ ਤੇਜ਼ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।
ਮੌਸਮ ਵਿਭਾਗ ਅਨੁਸਾਰ ਅੱਜ ਪੰਜਾਬ ’ਚ ਹਿਮਾਚਲ ਪ੍ਰਦੇਸ਼ ਦੇ ਨਾਲ ਲਗਦੇ ਖੇਤਰਾਂ ਵਿੱਚ ਮੀਂਹ ਪਿਆ ਹੈ। ਇਹ ਮੀਂਹ ਪਠਾਨਕੋਟ ਤੋਂ ਸ਼ੁਰੂ ਹੋ ਕੇ ਮੁਕਤਸਰ ਤੇ ਫੇਰ ਖੰਨਾ ਤੋਂ ਹੁੰਦਾ ਹੋਇਆ ਹੋਰਨਾਂ ਹਿੱਸਿਆ ਵਿੱਚ ਪਿਆ। ਮੀਂਹ ਪੈਣ ਕਰਕੇ ਜਿੱਥੇ ਝੋਨੇ ਦੀ ਲੁਆਈ ਕਰਨ ਵਾਲੇ ਕਿਸਾਨਾਂ ਦੇ ਚਿਹਰੇ ਖਿੜ ਗਏ ਹਨ ਉਥੇ ਇਹ ਮੀਂਹ ਨਰਮੇ ਲਈ ਘਾਤਕ ਸਾਬਤ ਹੋਵੇਗਾ। ਉੱਧਰ, ਮੌਸਮ ਵਿੱਚ ਤਬਦੀਲੀ ਆਉਣ ਦੇ ਨਾਲ ਹੀ ਪਾਵਰਕੌਮ ਨੇ ਵੀ ਸੁੱਖ ਦਾ ਸਾਹ ਲਿਆ ਹੈ।
ਪਟਿਆਲਾ ਵਿੱਚ ਪਿਆ ਸਭ ਤੋਂ ਵੱਧ ਮੀਂਹ
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਪਟਿਆਲਾ ਸ਼ਹਿਰ ’ਚ ਸਭ ਤੋਂ ਵੱਧ ਮੀਂਹ ਪਿਆ। ਜਿੱਥੇ 25 ਐੱਮਐੱਮ ਮੀਂਹ ਪਿਆ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ’ਚ 15 ਐੱਮਐੱਮ, ਲੁਧਿਆਣਾ ਤੇ ਪਠਾਨਕੋਟ ’ਚ 6-6 ਐੱਮਐੱਮ, ਗੁਰਦਾਸਪੁਰ ’ਚ 4 ਐੱਮਐੱਮ, ਰੋਪੜ ’ਚ 7 ਐੱਮਐੱਮ, ਨਵਾਂ ਸ਼ਹਿਰ ’ਚ 17.5 ਐੱਮਐੱਮ ਮੀਂਹ ਪਿਆ ਹੈ।