ਜੋਗਿੰਦਰ ਸਿੰਘ ਮਾਨ
ਮਾਨਸਾ, 15 ਜੁਲਾਈ
ਸਿੱਧੂ ਮੂਸੇਵਾਲਾ ਕਤਲ ਕਾਂਡ ਸਬੰਧੀ ਦਿੱਲੀ ਤੋਂ ਲਿਆਂਦੇ ਗਏ ਅੰਕਿਤ ਸੇਰਸਾ ਅਤੇ ਸਚਿਨ ਚੌਧਰੀ ਨੂੰ ਅੱਜ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਉਣ ਮਗਰੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਅੱਠ ਰੋਜ਼ਾ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਗੌਰਵ ਤੂਰਾ ਨੇ ਦੱਸਿਆ ਕਿ ਮੁਲਜ਼ਮਾਂ ਨੂੰ 23 ਜੁਲਾਈ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਫਿਲਹਾਲ ਉਨ੍ਹਾਂ ਨੂੰ ਮਾਨਸਾ ਦੇ ਸੀਆਈਏ ਪੁਲੀਸ ਸਟੇਸ਼ਨ ਵਿੱਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਰੱਖਿਆ ਜਾਵੇਗਾ।
ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਕੱਲ੍ਹ ਪੰਜਾਬ ਪੁਲੀਸ ਨੂੰ ਸ਼ੂਟਰ ਅੰਕਿਤ ਸੇਰਸਾ (19) ਅਤੇ ਸੂਟਰ ਸਚਿਨ ਚੌਧਰੀ ਉਰਫ਼ ਸਚਿਨ ਭਵਾਨੀ ਦਾ ਟਰਾਂਜ਼ਿਟ ਰਿਮਾਂਡ ਦਿੱਤਾ ਅਤੇ ਅੱਧੀ ਰਾਤ ਵੇਲੇ ਉਨ੍ਹਾਂ ਨੂੰ ਮਾਨਸਾ ਲਿਆਂਦਾ ਗਿਆ ਸੀ। ਮਾਨਸਾ ਦੇ ਸੀਆਈਏ ਵਿੱਚ ਪਹਿਲਾਂ ਹੀ ਦਿੱਲੀ ਤੋਂ ਲਿਆਂਦੇ ਪ੍ਰਿਆਵਰਤ ਫ਼ੌਜੀ, ਕਸ਼ਿਸ਼ ਉਰਫ਼ ਕੁਲਦੀਪ, ਕੇਸ਼ਵ ਅਤੇ ਦੀਪਕ ਟੀਨੂੰ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਪੰਜਾਬ ਪੁਲੀਸ ਨੇ ਅੰਕਿਤ ਸੇਰਸਾ ਅਤੇ ਸਚਿਨ ਲਈ 100 ਤੋਂ ਵੱਧ ਸਵਾਲਾਂ ਦਾ ਇੱਕ ਚਿੱਠਾ ਤਿਆਰ ਕੀਤਾ ਹੈ। ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸੋਨੀਪਤ ਦਾ ਰਹਿਣ ਵਾਲਾ ਅੰਕਿਤ ਰਾਜਸਥਾਨ ਵਿੱਚ ਦੋ ਵਾਰਦਾਤਾਂ ਕਰਨ ਮਗਰੋਂ ਮੋਨੂੰ ਡਾਗਰ ਨੂੰ ਮਿਲਿਆ ਅਤੇ ਡਾਗਰ ਨੇ ਹੀ ਉਸ ਨੂੰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨਾਲ ਮਿਲਾਇਆ ਅਤੇ ਫਿਰ ਉਹ ਇਸ ਗੈਂਗ ਗਰੁੱਪ ਵਿੱਚ ਪੱਕੇ ਤੌਰ ’ਤੇ ਜੁੜ ਗਿਆ।
ਪੁਲੀਸ ਨੇ ਸ਼ੂਟਰਾਂ ਦੀ ਭਾਲ ਲਈ ਸਰਗਰਮੀ ਵਧਾਈ
ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਸ਼ਾਮਲ ਸ਼ੂਟਰਾਂ ਨੂੰ ਲੱਭਣ ਲਈ ਪੁਲੀਸ ਵੱਲੋਂ ਸਰਗਰਮੀਆਂ ਵਧਾ ਦਿੱਤੀਆਂ ਗਈਆਂ ਹਨ। ਉੱਧਰ ਹਰਿਆਣਾ ਦੇ ਚਾਰਾਂ ’ਚੋਂ ਤਿੰਨ ਸ਼ੂਟਰ ਦਿੱਲੀ ਪੁਲੀਸ ਵੱਲੋਂ ਕਾਬੂ ਕਰ ਲਏ ਗਏ ਹਨ, ਜਦਕਿ ਚੌਥਾ ਸ਼ੂਟਰ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਤੋਂ ਦੋ ਵਾਰ ਭੱਜਣ ਵਿੱਚ ਕਾਮਯਾਬ ਰਿਹਾ ਹੈ। ਕਾਬੂ ਕੀਤੇ ਸ਼ੂਟਰਾਂ ਤੋਂ ਪੁੱਛ-ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਦੀਪਕ ਮੁੰਡੀ ਉਨ੍ਹਾਂ ਨਾਲ ਗੁਜਰਾਤ ਗਿਆ ਸੀ, ਪਰ ਪ੍ਰਿਅਵਰਤ ਤੇ ਕਸ਼ਿਸ਼ ਦੀ ਗ੍ਰਿਫ਼ਤਾਰੀ ਤੋਂ ਇੱਕ ਦਿਨ ਪਹਿਲਾਂ ਉਹ ਅੰਕਿਤ ਨਾਲ ਵੱਖ ਹੋ ਗਿਆ ਸੀ। ਮਗਰੋਂ ਉਹ ਅੰਕਿਤ ਨਾਲ ਦਿੱਲੀ ਚਲਾ ਗਿਆ, ਪਰ ਉਥੇ ਵੀ ਅੰਕਿਤ ਫੜਿਆ ਗਿਆ ਤੇ ਉਹ ਬਚ ਗਿਆ। ਦੂਜੇ ਪਾਸੇ ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਕੋਲ ਦੀਪਕ ਅਤੇ ਪੰਜਾਬ ਦੇ ਦੋ ਸ਼ੂਟਰਾਂ ਮੰਨੂ ਅਤੇ ਰੂਪਾ ਦੇ ਟਿਕਾਣਿਆਂ ਬਾਰੇ ਕੋਈ ਸੁਰਾਗ ਨਹੀਂ ਹੈ। ਸਰਹੱਦ ’ਤੇ ਨਿਗਰਾਨੀ ਕਰਨ ਵਾਲੀ ਟੀਮ ਹੁਣ ਉਨ੍ਹਾਂ ਦਾ ਪਤਾ ਲਗਾਉਣ ਲਈ ਵੱਡੇ ਪੱਧਰ ’ਤੇ ਕੰਮ ਕਰ ਰਹੀ ਹੈ।