ਜੋਗਿੰਦਰ ਸਿੰਘ ਮਾਨ
ਮਾਨਸਾ, 18 ਜੁਲਾਈ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਘਟਨਾ ਨੂੰ ਬੇਸ਼ੱਕ 50 ਦਿਨ ਤੋਂ ਵੱਧ ਦਾ ਸਮਾਂ ਬੀਤ ਗਿਆ ਹੈ ਪਰ ਪੰਜਾਬ ਨਾਲ ਸਬੰਧਤ ਗੈਂਗਸਟਰ ਅਜੇ ਵੀ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਇਸ ਵੇਲੇ ਸੂੁਬੇ ਨਾਲ ਸਬੰਧ ਰੱਖਦੇ ਦੋਵੇਂ ਸ਼ਾਰਪ ਸ਼ੂਟਰ ਮਨਪ੍ਰੀਤ ਸਿੰਘ ਮੰਨੂ ਵਾਸੀ ਕੁੱਸਾ ਅਤੇ ਜਗਰੂਪ ਸਿੰਘ ਰੂਪਾ ਵਾਸੀ ਅੰਮ੍ਰਿਤਸਰ ਦੀ ਗ੍ਰਿਫ਼ਤਾਰੀ ਪੁਲੀਸ ਲਈ ਵੱਡੀ ਸਿਰਦਰਦੀ ਬਣੀ ਹੋਈ ਹੈ। ਦਿੱਲੀ ਤੋਂ ਪੁੱਛ ਪੜਤਾਲ ਲਈ ਮਾਨਸਾ ਲਿਆਂਦੇ ਗਏ ਸ਼ੂਟਰ ਅੰਕਿਤ ਸੇਰਸਾ ਤੋਂ ਮੰਨੂ ਤੇ ਰੂਪਾ ਦੇ ਪੰਜਾਬ ਵਿੱਚ ਹੋਣ ਦੀ ਕੰਨਸੋਅ ਮਿਲੀ ਹੈ। ਮਾਨਸਾ ਦੇ ਐੱਸਐੱਸਪੀ ਨੇ ਸ਼ੂਟਰਾਂ ਨੂੰ ਫੜਨ ਲਈ ਵਿਸ਼ੇਸ਼ ਟੀਮ ਬਣਾਉਣ ਦੀ ਪੁਸ਼ਟੀ ਕੀਤੀ ਹੈ। ਪੁਲੀਸ ਮੁਤਾਬਕ ਮਨਪ੍ਰੀਤ ਮੰਨੂ ਗੈਂਗਸਟਰ ਲਾਰੈਂਸ ਦਾ ਕਰੀਬੀ ਹੈ ਅਤੇ ਉਸ ਕੋਲ ਏਕੇ 47 ਸੀ ਅਤੇ ਉਸੇ ਨੇ ਹੀ ਮੂਸੇਵਾਲਾ ਨੂੰ ਪਹਿਲੀ ਗੋਲੀ ਮਾਰੀ ਸੀ। ਕਤਲ ਮੌਕੇ ਵਰਤੇ ਗਏ ਹਥਿਆਰ ਵੀ ਮੰਨੂ ਅਤੇ ਰੂਪਾ ਕੋਲ ਮੌਜੂਦ ਹੋਣ ਦਾ ਸ਼ੱਕ ਹੈ। ਮੂਸੇਵਾਲਾ ਕਤਲ ਕਾਂਡ ਵਿੱਚ ਗ੍ਰਿਫ਼ਤਾਰ ਕੀਤੇ ਗਏ ਸ਼ਾਰਪ ਸ਼ੂਟਰ ਪ੍ਰਿਆਵਰਤ ਫੌਜੀ ਅਤੇ ਅੰਕਿਤ ਸੇਰਸਾ ਨੇ ਵੀ ਖੁਲਾਸਾ ਕੀਤਾ ਹੈ ਕਿ ਰੂਪਾ ਅਤੇ ਮੰਨੂੰ ਉਨ੍ਹਾਂ ਨਾਲ ਭੱਜੇ ਨਹੀਂ ਸਨ। ਉਨ੍ਹਾਂ ਕਿਹਾ ਕਿ ਉਹ ਪੰਜਾਬ ’ਚ ਹੀ ਆਪਣੇ ਟਿਕਾਣੇ ’ਤੇ ਲੁਕੇ ਹੋਣਗੇ।
ਮੰਨੂ ਕੁੱਸਾ ਤੇ ਰੂਪਾ ਦਾ ਸਾਥੀ ਗੈਂਗਸਟਰ ਪਰਮਦਲੀਪ ਅਸਲੇ ਸਣੇ ਗ੍ਰਿਫ਼ਤਾਰ
ਐੱਸਏਐੱਸ ਨਗਰ (ਮੁਹਾਲੀ) (ਦਰਸ਼ਨ ਸਿੰਘ ਸੋਢੀ): ਕਸਬਾ ਲਾਂਡਰਾਂ ਦੀ ਮਾਰਕੀਟ ਵਿੱਚ ਕਰੀਬ ਮਹੀਨਾ ਪਹਿਲਾਂ ਪ੍ਰਵੀਨ ਜਿਊਲਰਜ਼ ਨਾਂ ਦੀ ਦੁਕਾਨ ਦੇ ਮਾਲਕ ਕੋਲੋਂ ਲੱਖਾਂ ਰੁਪਏ ਦੇ ਗਹਿਣੇ ਲੁੱਟਣ ਦੇ ਮਾਮਲੇ ਵਿੱਚ ਗੈਂਗਸਟਰ ਪਰਮਦਲੀਪ ਸਿੰਘ ਉਰਫ਼ ਪੰਮਾ ਵਾਸੀ ਪਿੰਡ ਕਾਜੀਕੋਟ (ਤਰਨ ਤਾਰਨ) ਨੂੰ ਅਸਲੇ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਖ਼ਿਲਾਫ਼ ਸੋਹਾਣਾ ਥਾਣੇ ਵਿੱਚ 11 ਜੂਨ ਨੂੰ ਧਾਰਾ 379ਬੀ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਮੁਲਜ਼ਮ ਪਰਮਦਲੀਪ ਸਿੰਘ, ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਨਾਮਜ਼ਦ ਗੈਂਗਸਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਕੁੱਸਾ ਦਾ ਸਾਥੀ ਦੱਸਿਆ ਜਾ ਰਿਹਾ ਹੈ। ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਅੱਜ ਇੱਥੇ ਦੱਸਿਆ ਕਿ ਮੁਲਜ਼ਮ ਕੋਲੋਂ ਇੱਕ .32 ਬੋਰ ਦਾ ਪਿਸਤੌਲ ਤੇ ਪੰਜ ਕਾਰਤੂਸ, 350 ਗ੍ਰਾਮ ਸੋਨੇ ਦੇ ਗਹਿਣੇ, 2.2 ਕਿੱਲੋ ਚਾਂਦੀ ਦੇ ਗਹਿਣਿਆਂ ਸਮੇਤ ਦੋ ਕਾਰਾਂ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਸੂਬੇ ਦੇ ਵੱਖ-ਵੱਖ ਥਾਣਿਆਂ ਵਿੱਚ ਸੱਤ ਅਪਰਾਧਿਕ ਕੇਸ ਦਰਜ ਹਨ।