ਜੋਗਿੰਦਰ ਸਿੰਘ ਮਾਨ
ਮਾਨਸਾ, 12 ਸਤੰਬਰ
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਇੱਕ ਹੋਰ ਗ੍ਰਿਫ਼ਤਾਰੀ ਹੋਈ ਹੈ। ਪੁਲੀਸ ਨੇ ਸੰਦੀਪ ਕੇਕੜਾ ਦੇ ਭਰਾ ਬਿੱਟੂ ਨੂੰ ਹਰਿਆਣਾ ਦੇ ਡੱਬਵਾਲੀ ਤੋਂ ਗ੍ਰਿਫ਼ਤਾਰ ਕੀਤਾ ਹੈ। ਉਸ ’ਤੇ ਵੀ ਮੂਸੇਵਾਲਾ ਦੀ ਰੇਕੀ ਕਰਨ ਦਾ ਦੋਸ਼ ਹੈ। ਬਿੱਟੂ ਲਾਰੈਂਸ ਬਿਸ਼ਨੋਈ ਨਾਲ ਜੇਲ੍ਹ ਵਿੱਚ ਰਿਹਾ ਹੈ। ਪੁਲੀਸ ਸੂਤਰਾਂ ਮੁਤਾਬਕ ਬਿੱਟੂ ਸਿੰਘ ਮੂਸੇਵਾਲਾ ਦੀ ਕਾਰ ’ਤੇ ਗੋਲੀਆਂ ਚਲਾਉਣ ਵਾਲੇ ਸ਼ੂਟਰਾਂ ’ਚੋਂ ਇਕ ਪ੍ਰਿਆਵ੍ਰਤ ਫੌਜੀ ਦੇ ਸੰਪਰਕ ’ਚ ਸੀ। ਇਸ ਤੋਂ ਇਲਾਵਾ ਉਹ ਲਾਰੈਂਸ ਬਿਸ਼ਨੋਈ ਨਾਲ ਜੇਲ੍ਹ ਵਿੱਚ ਵੀ ਰਿਹਾ ਹੈ। ਦੋਵੇਂ ਭਰਾ ਕਾਫ਼ੀ ਸਮੇਂ ਤੋਂ ਮੂਸੇਵਾਲਾ ਦੀ ਰੇਕੀ ਕਰ ਰਹੇ ਸਨ। ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਗੌਰਵ ਤੂਰਾ ਨੇ ਦੱਸਿਆ ਕਿ ਬਿੱਟੂ ਨੂੰ ਮਾਨਸਾ ਪੁਲੀਸ ਵੱਲੋਂ ਡਾਕਟਰੀ ਜਾਂਚ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਅਦਾਲਤ ਨੇ ਉਸ ਦਾ ਪੰਜ ਰੋਜ਼ਾ ਪੁਲੀਸ ਰਿਮਾਂਡ ਦਿੱਤਾ ਹੈ। ਸੂਤਰਾਂ ਅਨੁਸਾਰ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਅੱਧੀ ਦਰਜਨ ਦੇ ਕਰੀਬ ਹੋਰ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ। ਸ਼ਨਿਚਰਵਾਰ ਨੂੰ ਪੁਲੀਸ ਨੇ ਮੂਸੇਵਾਲਾ ਦੀ ਹੱਤਿਆ ਕਰਨ ਵਾਲੇ ਛੇਵੇਂ ਸ਼ੂਟਰ ਦੀਪਕ ਮੁੰਡੀ ਨੂੰ ਉਸ ਦੇ ਦੋ ਸਾਥੀਆਂ ਕਪਿਲ ਪੰਡਿਤ ਅਤੇ ਰਜਿੰਦਰ ਜੋਕਰ ਸਣੇ ਫੜਿਆ ਸੀ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਬਿੱਟੂ, ਲਾਰੈਂਸ ਬਿਸ਼ਨੋਈ ਨਾਲ ਜੇਲ੍ਹ ’ਚ ਸੰਪਰਕ ਵਿੱਚ ਆਉਣ ਮਗਰੋਂ ਸਿੱਧੂ ਮੂਸੇਵਾਲਾ ਦੀ ਰੇਕੀ ਕਰਨ ਲੱਗਿਆ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬਿੱਟੂ ਕਰ ਕੇ ਹੀ ਸੰਦੀਪ ਕੇਕੜਾ ਬਾਅਦ ਵਿੱਚ ਪਿੰਡ ਮੂਸਾ ਵਿੱਚ ਰੇਕੀ ਕਰਨ ਗਿਆ ਸੀ।
ਮੁੰਡੀ ਤੇ ਸਾਥੀਆਂ ਤੋਂ ਕਈ ਘੰਟੇ ਪੁੱਛ-ਪੜਤਾਲ
ਪਟਿਆਲਾ (ਖੇਤਰੀ ਪ੍ਰਤੀਨਿਧ): ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਦੋ ਦਿਨ ਪਹਿਲਾਂ ਗ੍ਰਿਫ਼ਤਾਰ ਕੀਤੇ ਸ਼ੂਟਰ ਦੀਪਕ ਮੁੰਡੀ ਤੇ ਉਸ ਦੇ ਸਾਥੀਆਂ ਕਪਿਲ ਪੰਡਤ ਅਤੇ ਰਾਜਿੰਦਰ ਜੋਕਰ ਕੋਲ਼ੋਂ ਅੱਜ ਪਟਿਆਲਾ ਦੇ ਐੱਸਐੱੱਸਪੀ ਦੀਪਕ ਪਾਰਿਕ, ਐੱਸਪੀ ਇਨਵੈਸ਼ਟੀਗੇਸ਼ਨ ਹਰਜੀਤ ਅਟਵਾਲ, ਐਟੀ ਗੈਂਗਸਟਰ ਟਾਸਕ ਫੋਰਸ ਸਣੇ ਜ਼ੀਰਕਪੁਰ ਦੇ ਡੀਐੱਸਪੀ ਬਿਕਰਮਜੀਤ ਸਿੰਘ ਬਰਾੜ ਵੱਲੋਂ ਕਈ ਘੰਟਿਆਂ ਤੱਕ ਪੜਤਾਲ ਕੀਤੀ ਗਈ। ਯਾਦ ਰਹੇ ਕਿ ਇਨ੍ਹਾਂ ਤਿੰਨਾਂ ਦਾ ਮਾਨਸਾ ਅਦਾਲਤ ਵਿੱਚੋਂ ਸੱਤ ਰੋਜ਼ਾ ਪੁਲੀਸ ਰਿਮਾਂਡ ਮਿਲਣ ਮਗਰੋਂ ਕੱਲ੍ਹ ਤੋਂ ਹੀ ਇਨ੍ਹਾਂ ਨੂੰ ਸੀਆਈਏ ਰਾਜਪੁਰਾ ’ਚ ਰੱਖਿਆ ਗਿਆ ਹੈ। ਇਸ ਦੌਰਾਨ ਡੀਜੀਪੀ ਗੌਰਵ ਯਾਦਵ ਵੀ ਆਨਲਾਈਨ ਜੁੜੇ ਰਹੇ।
ਬਠਿੰਡਾ ਪੁਲੀਸ ਨੂੰ ਲਾਰੈਂਸ ਬਿਸ਼ਨੋਈ ਦਾ 12 ਰੋਜ਼ਾ ਪੁਲੀਸ ਰਿਮਾਂਡ ਮਿਲਿਆ
ਬਠਿੰਡਾ/ਖਰੜ (ਸ਼ਗਨ ਕਟਾਰੀਆ/ਸ਼ਸ਼ੀ ਪਾਲ ਜੈਨ): ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ’ਚ ਨਾਮਜ਼ਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਇੱਕ ਪੁਰਾਣੇ ਫਿਰੌਤੀ ਮਾਮਲੇ ’ਚ ਬਠਿੰਡਾ ਪੁਲੀਸ ਅੱਜ ਖਰੜ ਦੀ ਅਦਾਲਤ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਇੱਥੇ ਲਿਆਈ ਅਤੇ ਉਸ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ 12 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਬਠਿੰਡਾ ਸ਼ਹਿਰ ਦੇ ਵਾਸੀ ਹਰਜਿੰਦਰ ਮੰਗਲਾ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਗੈਂਗਸਟਰ ਗੋਲਡੀ ਬਰਾੜ ਨੇ ਫ਼ੋਨ ਕਰਕੇ ਉਸ ਤੋਂ ਫਿਰੌਤੀ ਮੰਗੀ ਸੀ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਗੋਲਡੀ ਬਰਾੜ ਉਸ ਨੂੰ 13 ਅਗਸਤ 2021 ਤੋਂ 4 ਸਤੰਬਰ 2021 ਤੱਕ ਵਾਰ-ਵਾਰ ਫ਼ੋਨ ਕਰਕੇ ਫਿਰੌਤੀ ਦੀ ਮੰਗ ਕਰਦਾ ਰਿਹਾ। ਇਸ ਮਗਰੋਂ 5 ਸਤੰਬਰ ਦੀ ਰਾਤ ਨੂੰ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਪੈਟਰੋਲ ਛਿੜਕ ਕੇ ਉਸ ਦੇ ਦਰਵਾਜ਼ੇ ਨੂੰ ਅੱਗ ਲਾ ਦਿੱਤੀ ਗਈ ਅਤੇ ਤਿੰਨ ਗੋਲੀਆਂ ਵੀ ਚਲਾਈਆਂ। ਪੁਲੀਸ ਨੇ ਇਸ ਮਾਮਲੇ ’ਚ ਲਾਰੈਂਸ ਬਿਸ਼ਨੋਈ ਨੂੰ ਨਾਮਜ਼ਦ ਕੀਤਾ ਹੈ। ਇਸ ਤੋਂ ਪਹਿਲਾਂ ਲਾਰੈਂਸ ਬਿਸ਼ਨੋਈ ਨੂੰ ਅੱਜ ਖਰੜ ਦੀ ਅਦਾਲਤ ਵੱਲੋਂ ਟਰਾਂਜ਼ਿਟ ਰਿਮਾਂਡ ’ਤੇ ਬਠਿੰਡਾ ਪੁਲੀਸ ਦੇ ਹਵਾਲੇ ਕੀਤਾ ਗਿਆ। ਇਸੇ ਦੌਰਾਨ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਖਰੜ ਦੀ ਅਦਾਲਤ ਨੇ ਅੱਜ 10 ਦਿਨ ਦੇ ਪੁਲੀਸ ਰਿਮਾਂਡ ਵਿੱਚ ਭੇਜਣ ਦੇ ਹੁਕਮ ਜਾਰੀ ਕੀਤੇ।