ਜਗਤਾਰ ਸਿੰਘ ਲਾਂਬਾ/ਦਿਲਬਾਗ ਸਿੰਘ ਗਿੱਲ
ਅੰਮ੍ਰਿਤਸਰ/ਅਟਾਰੀ, 20 ਜੁਲਾਈ
ਮੁੱਖ ਅੰਸ਼
- ਏਜੀਟੀਐੇੱਫ ਮੁਖੀ ਪ੍ਰਮੋਦ ਬਾਨ ਨੇ ਕੀਤੀ ਪੂਰੇ ਅਪਰੇਸ਼ਨ ਦੀ ਅਗਵਾਈ
ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਲੋੜੀਂਦੇ ਗੈਂਗਸਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਸਿੰਘ ਉਰਫ਼ ਮੰਨੂ ਕੁੱਸਾ ਅੱਜ ਇਥੇ ਪੰਜਾਬ ਪੁਲੀਸ ਨਾਲ ਹੋਏ ਮੁਕਾਬਲੇ ਵਿੱਚ ਮਾਰੇ ਗਏ। ਪੁਲੀਸ ਇਨ੍ਹਾਂ ਦੋਵਾਂ ਨੂੰ ਗ੍ਰਿਫ਼ਤਾਰ ਕਰਨ ਲਈ ਲਗਾਤਾਰ ਯਤਨ ਕਰ ਰਹੀ ਸੀ। ਪੁਲੀਸ ਨੇ ਮੌਕੇ ਤੋਂ ਇਕ ਏਕੇ 47 ਰਾਈਫਲ ਅਤੇ ਇਕ ਪਿਸਤੌਲ ਵੀ ਬਰਾਮਦ ਕੀਤਾ ਹੈ। ਉਂਜ ਪੰਜ ਘੰਟੇ ਦੇ ਕਰੀਬ ਚੱਲੇ ਮੁਕਾਬਲੇ ਦੌਰਾਨ ਤਿੰਨ ਪੁਲੀਸ ਮੁਲਾਜ਼ਮ ਅਤੇ ਇਕ ਪੱਤਰਕਾਰ ਗੋਲੀ ਲੱਗਣ ਕਰਕੇ ਜ਼ਖ਼ਮੀ ਹੋ ਗਏ। ਇਸ ਪੂਰੇ ਅਪਰੇਸ਼ਨ ਦੀ ਅਗਵਾਈ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਦੇ ਮੁਖੀ ਏਡੀਜੀਪੀ ਪ੍ਰਮੋਦ ਬਾਨ ਨੇ ਕੀਤੀ। ਇਹ ਮੁਕਾਬਲਾ ਘਰਿੰਡਾ ਥਾਣੇ ਹੇਠ ਆਉਂਦੇ ਇਲਾਕੇ ਹੁਸ਼ਿਆਰਨਗਰ ਅਤੇ ਘਰਿੰਡਾ ਰੋਡ ’ਤੇ ਖੇਤਾਂ ਵਿੱਚ ਬਣੇ ਮਕਾਨ ਵਿੱਚ ਹੋਇਆ ਹੈ। ਇਹ ਥਾਂ ਭਕਨਾ ਕਲਾਂ ਪਿੰਡ ਨੇੜੇ ਹੈ। ਮੁਕਾਬਲਾ ਖ਼ਤਮ ਹੋਣ ਤੋਂ ਬਾਅਦ ਫੋਰੈਂਸਿਕ ਵਿਭਾਗ ਦੀਆਂ ਟੀਮਾਂ ਨੇ ਘਟਨਾ ਸਥਾਨ ਦੀ ਬਾਰੀਕੀ ਨਾਲ ਜਾਂਚ ਕੀਤੀ।
ਏਡੀਜੀਪੀ ਪ੍ਰਮੋਦ ਬਾਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ 29 ਮਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਕੁਝ ਗੈਂਗਸਟਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਪੰਜਾਬ ਪੁਲੀਸ ਨੇ ਇਸ ਕਤਲ ਕੇਸ ਦੇ ਮਾਸਟਰਮਾਈਂਡ ਅਤੇ ਹੋਰ ਕਈ ਸਹਾਇਕ ਗੈਂਗਸਟਰਾਂ ਤੇ ਹੋਰਨਾਂ ਨੂੰ ਕਾਬੂ ਕੀਤਾ ਸੀ। ਇਨ੍ਹਾਂ ਤੋਂ ਕੀਤੀ ਪੁੱਛ-ਪੜਤਾਲ ਵਿੱਚ ਗੈਂਗਸਟਰਾਂ ਜਗਰੂਪ ਰੂਪਾ ਅਤੇ ਮਨਪ੍ਰੀਤ ਸਿੰਘ ਉਰਫ਼ ਮੰਨੂ ਕੁੱਸਾ ਦੇ ਨਾਂ ਸਾਹਮਣੇ ਆਏ ਸਨ ਤੇ ਉਦੋਂ ਤੋਂ ਪੁਲੀਸ ਇਨ੍ਹਾਂ ਦੀ ਗ੍ਰਿਫ਼ਤਾਰੀ ਲਈ ਯਤਨਸ਼ੀਲ ਸੀ। ਉਨ੍ਹਾਂ ਦੱਸਿਆ ਕਿ ਦੋਵੇਂ ਗੈਂਗਸਟਰ ਪੁਲੀਸ ਦੀ ਗ੍ਰਿਫ਼ਤ ਤੋਂ ਬਚਣ ਲਈ ਕਦੇ ਹਰਿਆਣਾ, ਕਦੇ ਰਾਜਸਥਾਨ ਅਤੇ ਕਦੇ ਪੰਜਾਬ ਵਿੱਚ ਆਉਂਦੇ ਜਾਂਦੇ ਸਨ ਅਤੇ ਪੁਲੀਸ ਨੇ ਇਨ੍ਹਾਂ ’ਤੇ ਲਗਾਤਾਰ ਨਜ਼ਰ ਰੱਖੀ ਹੋਈ ਸੀ। ਪੁਲੀਸ ਲਗਾਤਾਰ ਇਨ੍ਹਾਂ ਦਾ ਪਿੱਛਾ ਕਰ ਰਹੀ ਸੀ। ਅੱਜ ਜਦੋਂ ਇਨ੍ਹਾਂ ਦਾ ਪਿੱਛਾ ਕੀਤਾ ਤਾਂ ਇਹ ਇੱਥੇ ਇਕ ਘਰ ਵਿਚ ਵੜ ਗਏ। ਪੁਲੀਸ ਨੇ ਇਸ ਘਰ ਅਤੇ ਇਲਾਕੇ ਨੂੰ ਘੇਰ ਲਿਆ ਅਤੇ ਇਨ੍ਹਾਂ ਨੂੰ ਆਤਮਸਮਰਪਣ ਕਰਨ ਲਈ ਆਖਿਆ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਇਨ੍ਹਾਂ ਨੂੰ ਕਈ ਵਾਰ ਆਤਮਸਮਰਪਣ ਕਰਨ ਦੀ ਚਿਤਾਵਨੀ ਦਿੱਤੀ, ਪਰ ਇਹ ਲਗਾਤਾਰ ਪੁਲੀਸ ’ਤੇ ਗੋਲੀ ਚਲਾਉਂਦੇ ਰਹੇ। ਇਸ ਦੌਰਾਨ ਪੁਲੀਸ ਨੇ ਵੀ ਜਵਾਬ ਵਜੋਂ ਗੋਲੀ ਚਲਾਈ। ਪੁਲੀਸ ਅਤੇ ਗੈਂਗਸਟਰਾਂ ਵਿਚਾਲੇ ਇਹ ਮੁਕਾਬਲਾ ਲਗਪਗ ਸਾਢੇ ਚਾਰ ਘੰਟੇ ਚੱਲਿਆ ਤੇ ਇਸ ਦੌਰਾਨ ਦੋਵੇਂ ਗੈਂਗਸਟਰ ਮਾਰੇ ਗਏ।
ਏਡੀਜੀਪੀ ਨੇ ਦੱਸਿਆ ਕਿ ਮੁਕਾਬਲੇ ਦੌਰਾਨ ਤਿੰਨ ਪੁਲੀਸ ਮੁਲਾਜ਼ਮ ਏਐੱਸਆਈ ਬਲਜਿੰਦਰ ਸਿੰਘ, ਕਾਂਸਟੇਬਲ ਸੁਖਦੇਵ ਸਿੰਘ ਤੇ ਕਾਂਸਟੇਬਲ ਸੁਰਿੰਦਰਪਾਲ ਸਿੰਘ ਅਤੇ ਕੈਮਰਾਮੈਨ ਸਿਕੰਦਰ ਵੀ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਇਥੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਏਡੀਜੀਪੀ ਨੇ ਕਿਹਾ ਕਿ ਮਾਰੇ ਗਏ ਦੋਵੇਂ ਗੈਂਗਸਟਰ ਪਾਕਿਸਤਾਨ ਜਾਣ ਦੀ ਤਾਕ ਵਿੱਚ ਸਨ ਜਾਂ ਨਹੀਂ, ਇਨ੍ਹਾਂ ਕੋਲ ਕੁੱਲ ਕਿੰਨਾ ਅਸਲਾ ਸੀ, ਇਨ੍ਹਾਂ ਨੂੰ ਰਾਈਫਲ ਤੇ ਹੋਰ ਹਥਿਆਰ ਕਿੱਥੋਂ ਮਿਲੇ ਆਦਿ ਜਾਂਚ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਜੋ ਕੁਝ ਵੀ ਸਾਹਮਣੇ ਆਏਗਾ, ਪੁਲੀਸ ਮੀਡੀਆ ਅੱਗੇ ਰੱਖੇਗੀ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਆਖਿਆ ਕਿ ਪੁਲੀਸ ਸੂਬੇ ਵਿਚੋਂ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਤਸਕਰ ਤੇ ਹੋਰਨਾਂ ਅਤੇ ਗੈਂਗਸਟਰਾਂ ਦਾ ਸਫਾਇਆ ਕਰੇਗੀ। ਉਨ੍ਹਾਂ ਕਿਹਾ ਕਿ ਪੁਲੀਸ ਵਿਦੇਸ਼ ਬੈਠੇ ਗੈਂਗਸਟਰਾਂ ਨੂੰ ਵਾਪਸ ਲਿਆਉਣ ਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਯਤਨਸ਼ੀਲ ਹੈ। ਪੁਲੀਸ ਨੂੰ ਮੁਕਾਬਲੇ ਵਾਲੀ ਥਾਂ ਤੋਂ ਇਕ ਬੈਗ ਅਤੇ ਦੋ ਮੋਬਾਈਲ ਮਿਲੇ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਬੈਗ ਵਿੱਚ ਅਸਲਾ ਹੋਣ ਦਾ ਸ਼ੱਕ ਹੈ।
ਜੱਗੂ ਭਗਵਾਨਪੁਰੀਆ ਗਰੋਹ ਨਾਲ ਸਬੰਧਤ ਸਨ ਦੋਵੇਂ ਗੈਂਗਸਟਰ
ਅਟਾਰੀ (ਪੱਤਰ ਪ੍ਰੇਰਕ): ਪੁਲੀਸ ਮੁਕਾਬਲੇ ਵਿੱਚ ਮਾਰੇ ਗਏ ਗੈਂਗਸਟਰ ਜਗਰੂਪ ਰੂਪਾ ਤੇ ਮਨਪ੍ਰੀਤ ਸਿੰਘ ਉਰਫ਼ ਮੰਨੂ ਕੁੱਸਾ, ਜੱਗੂ ਭਗਵਾਨਪੁਰੀਆ ਗੈਂਗ ਨਾਲ ਸਬੰਧਤ ਸਨ। ਭਗਵਾਨਪੁਰੀਆ ਨੇ ਇਹ ਸ਼ੂਟਰ ਸਿੱਧੂ ਮੂਸੇਵਾਲਾ ਹੱਤਿਆ ਕਾਂਡ ਲਈ ਲਾਰੈਂਸ ਬਿਸ਼ਨੋਈ ਨੂੰ ਮੁਹੱਈਆ ਕਰਵਾਏ ਸਨ। ਇਹ ਦੋਵੇਂ 52 ਦਿਨਾਂ ਤੋਂ ਫ਼ਰਾਰ ਸਨ। ਭਕਨਾ ਵਾਸੀ ਜਸਬੀਰ ਸਿੰਘ ਗਿੱਲ ਨੇ ਦੱਸਿਆ ਕਿ ਭਕਨਾ ਖੁਰਦ ਤੋਂ ਹੁਸ਼ਿਆਰਨਗਰ ਨੂੰ ਜਾਂਦੀ ਸੰਪਰਕ ਸੜਕ ਨੇੜੇ ਇੱਕ ਡੇਰੇ ਵਿੱਚ ਲੁਕੇ ਦੋ ਗੈਂਗਸਟਰਾਂ ਅਤੇ ਪੁਲੀਸ ਵਿਚਾਲੇ ਸਵੇਰੇ ਸਾਢੇ ਦਸ ਵਜੇ ਮੁਕਾਬਲਾ ਆਰੰਭ ਹੋਇਆ ਸੀ। ਵੱਖ-ਵੱਖ ਲੋਕਾਂ ਦਾ ਕਹਿਣਾ ਸੀ ਕਿ ਕਈ ਦਿਨਾਂ ਤੋਂ ਖੇਤਾਂ ਵਿਚਲੇ ਖ਼ੰਡਰ (ਘਰ) ਵਿੱਚ ਹਲਚਲ ਦਿਖਾਈ ਦੇ ਰਹੀ ਸੀ। ਜ਼ਮੀਨ ਦਾ ਮਾਲਕ ਬਲਵਿੰਦਰ ਸਿੰਘ ਬਿੱਲਾ ਦੋਧੀ ਪਰਿਵਾਰ ਸਮੇਤ ਪਿੰਡ ਭਕਨਾ ਕਲਾਂ ਵਿਖੇ ਰਹਿ ਰਿਹਾ ਹੈ। ਪਤਾ ਲੱਗਾ ਹੈ ਕਿ ਉਹ ਖੇਤਾਂ ਵਿਚਲਾ ਮਕਾਨ, ਜਿੱਥੇ ਮੁਕਾਬਲਾ ਚੱਲ ਰਿਹਾ ਸੀ, ਵਾਲੀ ਜ਼ਮੀਨ ਬਲਵਿੰਦਰ ਸਿੰਘ ਦੋਧੀ ਨੇ ਕੁਝ ਸਮਾਂ ਪਹਿਲਾਂ ਹੀ ਖਰੀਦੀ ਹੈ। ਹਾਲਾਂਕਿ ਬਲਵਿੰਦਰ ਸਿੰਘ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਇਥੇ ਨਹੀਂ ਰਹਿੰਦਾ ਸੀ। ਪਿੰਡ ਭਕਨਾ ਦੇ ਵਸਨੀਕਾਂ ਨੇ ਦੱਸਿਆ ਕਿ ਪੁਲੀਸ ਨੇ ਗੈਂਗਸਟਰਾਂ ’ਤੇ ਕਾਰਵਾਈ ਕਰਨ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਸਪੀਕਰ ਰਾਹੀਂ ਮੁਨਾਦੀ ਕਰਵਾ ਕੇ ਦੱਸਿਆ ਸੀ ਕਿ ਲੋਕ ਆਪਣੇ ਘਰਾਂ ਦੇ ਅੰਦਰ ਹੀ ਰਹਿਣ। ਲੋਕਾਂ ਨੇ ਦੱਸਿਆ ਕਿ ਪੁਲੀਸ ਨੂੰ ਗੈਂਗਸਟਰਾਂ ਦੇ ਇਸ ਇਲਾਕੇ ਵਿੱਚ ਲੁਕੇ ਹੋਣ ਦੀ ਇਤਲਾਹ ਸੀ। ਉਨ੍ਹਾਂ ਕਿਹਾ ਕਿ ਪੁਲੀਸ ਨੂੰ ਇਨ੍ਹਾਂ ਦੀ ਭਾਲ ਸੀ ਤਾਂ ਇਹ ਦੋਵੇਂ ਬਾਹਰ ਖੇਤਾਂ ਵਿੱਚ ਇੱਕ ਖ਼ੰਡਰਨੁਮਾ ਇਮਾਰਤ ਵਿੱਚ ਲੁਕ ਗਏ ਸਨ, ਜਿੱਥੇ ਪੁਲੀਸ ਨਾਲ ਗੈਂਗਸਟਰਾਂ ਦਾ ਮੁਕਾਬਲਾ ਸ਼ੁਰੂ ਹੋਇਆ। ਲੋਕਾਂ ਨੇ ਦੱਸਿਆ ਕਿ ਪੁਲੀਸ ਨੇ ਗੈਂਗਸਟਰਾਂ ਨੂੰ ਹਥਿਆਰ ਸੁੱਟ ਕੇ ਆਤਮਸਮਰਪਣ ਕਰਨ ਲਈ ਵੀ ਕਿਹਾ, ਪਰ ਉਨ੍ਹਾਂ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ।
ਮੁੱਖ ਮੰਤਰੀ ਨੇ ਪੰਜਾਬ ਪੁਲੀਸ ਦੀ ਪਿੱਠ ਥਾਪੜੀ
ਚੰਡੀਗੜ੍ਹ (ਟਨਸ): ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿੱਚ ਗੈਂਗਸਟਰਾਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਪੁਲੀਸ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚੋਂ ਗੈਂਗਸਟਰਾਂ ਦਾ ਸਫਾਇਆ ਕਰਨ ਲਈ ਪੁਲੀਸ ਅਧਿਕਾਰੀਆਂ ਨੇ ਅੰਮ੍ਰਿਤਸਰ ਵਿੱਚ ਸਰਹੱਦੀ ਪਿੰਡ ਨਜ਼ਦੀਕ ਅਪਰੇਸ਼ਨ ਦੌਰਾਨ ਵਿਲੱਖਣ ਬਹਾਦਰੀ ਤੇ ਸਾਹਸ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚੋਂ ਗੈਂਗਸਟਰਾਂ ਅਤੇ ਨਸ਼ਿਆਂ ਦਾ ਸਫਾਇਆ ਸਰਕਾਰ ਦੀ ਮੁੱਖ ਤਰਜੀਹ ਹੈ। ਸੂਬਾ ਸਰਕਾਰ ਪੰਜਾਬ ਵਿੱਚ ਅਮਨ ਤੇ ਕਾਨੂੰਨ ਵਿਵਸਥਾ ਬਰਕਰਾਰ ਰੱਖਣ ਲਈ ਵਚਨਬੱਧ ਹੈ। ਗੈਂਗਸਟਰਾਂ ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਭਰੋਸਾ ਦਿੱਤਾ ਕਿ ਪੰਜਾਬ ਨੂੰ ਸ਼ਾਂਤਮਈ, ਖ਼ੁਸ਼ਹਾਲ ਅਤੇ ਅਗਾਂਹਵਧੂ ਸੂਬਾ ਬਣਾਉਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ।