ਪੱਤਰ ਪ੍ਰੇਰਕ
ਮਾਨਸਾ, 25 ਜੂਨ
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਵਾਲੇ ਸ਼ੂਟਰਾਂ ਨੂੰ ਵਾਰਦਾਤ ਮਗਰੋਂ ਪਨਾਹ ਦੇਣ ਵਾਲੇ ਹਰਿਆਣਾ ਦੇ ਜੋਗਿੰਦਰ ਸਿੰਘ ਉਰਫ਼ ਜੋਗਾ ਨੂੰ ਅੱਜ ਮਾਨਸਾ ਪੁਲੀਸ ਗੁੜਗਾਓਂ ਤੋਂ ਲੈ ਕੇ ਪੰਜਾਬ ਪਹੁੰਚ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਲਕੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਮਾਨਸਾ ਪੁਲੀਸ ਨੂੰ ਉਕਤ ਮੁਲਜ਼ਮ ਮਰਹੂਮ ਗਾਇਕ ਦੇ ਘਰ ਦੀ ਰੇਕੀ ਕਰਨ ਅਤੇ ਵਾਰਦਾਤ ਮਗਰੋਂ ਹਰਿਆਣਾ ਮਾਡਿਊਲ ਦੇ ਸ਼ੂਟਰਾਂ ਨੂੰ ਪਨਾਹ ਦੇਣ ਦੇ ਮਾਮਲੇ ਵਿੱਚ ਲੋੜੀਂਦਾ ਸੀ। ਇੱਕ ਅਧਿਕਾਰੀ ਤੋਂ ਮਿਲੀ ਸੂਚਨਾ ਅਨੁਸਾਰ ਜੋਗਿੰਦਰ ਸਿੰਘ ਉਰਫ਼ ਜੋਗਾ (32) ਜੀਂਦ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਤੇ ਉਸ ਦੇ ਸਬੰਧ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਗਰੋਹਾਂ ਨਾਲ ਦੱਸੇ ਜਾਂਦੇ ਹਨ। ਮੌਜੂਦਾ ਸਮੇਂ ਵਿੱਚ ਉਹ ਗੁੜਗਾਓਂ ਦੀ ਜੇਲ੍ਹ ਵਿੱਚ ਬੰਦ ਸੀ। ਉਕਤ ਮੁਲਜ਼ਮ ‘ਤੇ ਮਾਨਸਾ ਦੇ ਸੀਆਈਏ ਥਾਣੇ ‘ਚੋਂ ਦੀਪਕ ਟੀਨੂੰ ਨੂੰ ਭੱਜਣ ਵਿੱਚ ਮਦਦ ਕਰਨ ਦਾ ਵੀ ਦੋਸ਼ ਹੈ। ਪੁਲੀਸ ਅਨੁਸਾਰ ਜੋਗਿੰਦਰ ਸਿੰਘ ਉਰਫ਼ ਜੋਗਾ ‘ਤੇ ਹਰਿਆਣਾ ਦੇ ਵੱਖ-ਵੱਖ ਥਾਣਿਆਂ ਵਿੱਚ ਗੰਭੀਰ ਦੋਸ਼ਾਂ ਤਹਿਤ 14-15 ਕੇਸ ਦਰਜ ਹਨ, ਜਿਸ ਤਹਿਤ ਉਹ ਗੁੜਗਾਓਂ ਦੀ ਜੇਲ੍ਹ ਵਿੱਚ ਬੰਦ ਸੀ।