ਪੱਤਰ ਪ੍ਰੇਰਕ
ਮਾਨਸਾ, 21 ਜੁਲਾਈ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ’ਚ ਲੋੜੀਂਦੇ ਸ਼ਾਰਪ ਸ਼ੂਟਰ ਜਗਰੂਪ ਰੂਪਾ ਤੇ ਮਨਪ੍ਰੀਤ ਸਿੰਘ ਉਰਫ਼ ਮੰਨੂ ਕੁੱਸਾ ਦੇ ਪੁਲੀਸ ਮੁਕਾਬਲੇ ਵਿੱਚ ਮਾਰੇ ਜਾਣ ਤੋਂ ਬਾਅਦ ਹੁਣ ਮਾਨਸਾ ਪੁਲੀਸ ਨੇ ਦੀਪਕ ਮੁੰਡੀ ਦੀ ਪੈੜ ਦੱਬਣ ਲਈ ਵਾਹ ਲਾ ਦਿੱਤੀ ਹੈ। ਉਸ ਦੇ ਨਾਲ ਦੇ ਪ੍ਰਿਆਵਰਤ ਫੌਜੀ, ਕਸ਼ਿਸ਼ ਉਰਫ਼ ਕੁਲਦੀਪ ਨੂੰ ਮਾਨਸਾ ਪੁਲੀਸ ਵੱਲੋਂ ਪੁੱਛਗਿੱਛ ਕਰਨ ਤੋਂ ਬਾਅਦ ਜੇਲ੍ਹ ਭੇਜਿਆ ਜਾ ਚੁੱਕਿਆ ਹੈ। ਮਾਨਸਾ ਪੁਲੀਸ ਵੱਲੋਂ ਇਸੇ ਵੇਲੇ ਅੰਕਿਤ ਸੇਰਸਾ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮੂਸੇਵਾਲਾ ਕਤਲ ਕਾਂਡ ਵਿੱਚ ਕੁੱਲ ਛੇ ਸ਼ਾਰਪ ਸ਼ੂਟਰਾਂ ਦੀ ਪਛਾਣ ਕੀਤੀ ਗਈ ਸੀ, ਜਿਨ੍ਹਾਂ ਵਿੱਚੋਂ ਤਿੰਨ ਸ਼ਾਰਪ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ ਅਤੇ ਦੋ ਦੀ ਪੁਲੀਸ ਮੁਕਾਬਲੇ ਦੌਰਾਨ ਮੌਤ ਹੋ ਚੁੱਕੀ ਹੈ। ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਦੀਪਕ ਮੁੰਡੀ ਬਾਰੇ ਪੁਲੀਸ ਨੂੰ ਅਹਿਮ ਸੁਰਾਗ ਮਿਲੇ ਹਨ ਅਤੇ ਪੁਲੀਸ ਉਸ ਦੇ ਪਿੱਛੇ ਲੱਗੀ ਹੋਈ ਹੈ। ਜਾਣਕਾਰੀ ਅਨੁਸਾਰ ਇਸ ਕਤਲ ਕਾਂਡ ਵਿੱਚ ਬਲੈਰੋ ਅਤੇ ਕਰੋਲਾ ਮਡਿਊਲ ਦੀ ਵਰਤੋਂ ਕੀਤੀ ਗਈ ਸੀ। ਦੀਪਕ ਮੁੰਡੀ ਬਲੈਰੋ ਮਡਿਊਲ ਦਾ ਹਿੱਸਾ ਸੀ, ਜਿਸ ਦੀ ਅਗਵਾਈ ਹਰਿਆਣਾ ਦੇ ਸ਼ਾਰਪ ਸ਼ੂਟਰ ਪ੍ਰਿਆਵਰਤ ਫੌਜੀ ਨੇ ਕੀਤੀ, ਅੰਕਿਤ ਸੇਰਸਾ ਅਤੇ ਕਸ਼ਿਸ਼ ਵੀ ਉਨ੍ਹਾਂ ਦੇ ਨਾਲ ਸਨ। ਮੂਸੇਵਾਲਾ ਦੇ ਕਤਲ ਤੋਂ ਬਾਅਦ ਇਹ ਚਾਰੇ ਗੁਜਰਾਤ ਭੱਜ ਗਏ ਸਨ। ਸੇਰਸਾ ਨੂੰ ਦਿੱਲੀ ਦੇ ਕਸ਼ਮੀਰੀ ਗੇਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਹਾਲਾਂਕਿ ਉਦੋਂ ਤੱਕ ਮੁੰਡੀ ਉਸ ਨੂੰ ਵੀ ਛੱਡ ਚੁੱਕਾ ਸੀ। ਉਧਰ ਪੰਜਾਬ ਪੁਲੀਸ ਨੇ ਬੀਤੇ ਦਿਨ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਦਾ ਐਨਕਾਊਂਟਰ ਕੀਤਾ ਹੈ। ਇਹ ਦੋਵੇਂ ਕਰੋਲਾ ਗੈਂਗ ਦਾ ਹਿੱਸਾ ਸਨ। ਪੁਲੀਸ ਨੂੰ ਉਮੀਦ ਸੀ ਕਿ ਦੀਪਕ ਮੁੰਡੀ ਵੀ ਉਨ੍ਹਾਂ ਦੇ ਨਾਲ ਹੋਵੇਗਾ