ਜੋਗਿੰਦਰ ਸਿੰਘ ਮਾਨ
ਮਾਨਸਾ, 19 ਜੁਲਾਈ
ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਧੜੇ ਨਾਲ ਸਬੰਧਤ ਪੰਜਾਬ ਦੇ ਲੋੜੀਂਦੇ ਦੋ ਸ਼ਾਰਪ ਸ਼ੂਟਰਾਂ ਮਨਪ੍ਰੀਤ ਮੰਨੂ ਕੁੱਸਾ ਅਤੇ ਜਗਰੂਪ ਸਿੰਘ ਰੂਪਾ ਅੰਮ੍ਰਿਤਸਰ ਦੀ ਕਸਬਾ ਸਮਾਲਸਰ ਵਿੱਚ ਇਕ ਸ਼ੱਕੀ ਤਸਵੀਰ ਸਾਹਮਣੇ ਆਈ ਹੈ। ਦੋਵਾਂ ਦੀ ਤਸਵੀਰ ਸਾਹਮਣੇ ਆਉਣ ਮਗਰੋਂ ਪੁਲੀਸ ਨੇ ਕਸਬੇ ਤੋਂ ਇਲਾਵਾ ਮੋਗਾ, ਲੁਧਿਆਣਾ, ਤਰਨਤਾਰਨ, ਅੰਮ੍ਰਿਤਸਰ ਸਮੇਤ ਦੋ ਹੋਰ ਜ਼ਿਲ੍ਹਿਆਂ ਵਿੱਚ ਸੀਸੀਟੀਵੀ ਕੈਮਰਿਆਂ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਪੰਜਾਬ ਪੁਲੀਸ ਦੇ ਹੱਥ ਲੱਗੀ ਸੀਸੀਟੀਵੀ ਕੈਮਰੇ ਦੀ ਇਹ ਤਸਵੀਰ 21 ਜੂਨ ਦੀ ਹੈ। ਪੁਲੀਸ ਨੂੰ ਸ਼ੱਕ ਹੈ ਕਿ ਪੰਜਾਬ ਦੇ ਇਹ ਦੋਵੇਂ ਸ਼ੂਟਰ ਉਪਰੋਕਤ ਜ਼ਿਲ੍ਹਿਆਂ ਵਿੱਚ ਹੀ ਲੁਕੇ ਹੋਏ ਹਨ। ਇਸ ਦੀ ਪੁਸ਼ਟੀ ਹਰਿਆਣਾ ਦੇ ਸ਼ੂਟਰ ਪ੍ਰਿਆਵਰਤ ਫੌਜੀ ਸਮੇਤ ਅੰਕਿਤ ਸੇਰਸਾ ਵੱਲੋਂ ਵੀ ਕੀਤੀ ਗਈ ਦੱਸੀ ਜਾਂਦੀ ਹੈ। ਇਹ ਵੀ ਪਤਾ ਲੱਗਾ ਕਿ ਮਾਨਸਾ ਪੁਲੀਸ ਦੇ ਸਾਈਬਰ ਸੈੱਲ ਨਾਲ ਸਬੰਧਤ ਮਾਹਿਰ ਇਨ੍ਹਾਂ ਕੈਮਰਿਆਂ ਦੀ ਪੜਤਾਲ ਲਈ ਲਗਾਤਾਰ ਬਾਹਰਲੇ ਜ਼ਿਲ੍ਹਿਆਂ ਵਿੱਚ ਡੇਰੇ ਲਾ ਕੇ ਬੈਠੇ ਹਨ। ਪੰਜਾਬ ਪੁਲੀਸ ਦੇ ਹੱਥ ਲੱਗੀ ਫੁਟੇਜ ਵਿੱਚ ਮਨਪ੍ਰੀਤ ਮੰਨੂ ਕੁੱਸਾ ਅਤੇ ਜਗਰੂਪ ਸਿੰਘ ਰੂਪਾ ਸਮਾਲਸਰ ਕਸਬੇ ’ਚੋਂ ਚੋਰੀ ਦਾ ਇੱਕ ਮੋਟਰਸਾਈਕਲ ਲੈ ਕੇ ਤਾਰਨਤਾਰਨ ਵਾਲੇ ਪਾਸੇ ਜਾ ਰਹੇ ਸਨ, ਜਿਸ ਲਈ ਪੁਲੀਸ ਨੇ ਹੁਣ ਉੱਥੇ ਸ਼ੱਕੀ ਥਾਵਾਂ ’ਤੇ ਛਾਪੇ ਵਧਾ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਮੂਸੇਵਾਲਾ ਦਾ ਕਤਲ 29 ਮਈ ਨੂੰ ਮਾਨਸਾਲ ਵਿੱਚ ਹੋਇਆ ਸੀ ਤੇ ਨਵੀਂ ਫੁਟੇਜ ਨੇ ਸਾਬਤ ਕਰ ਦਿੱਤਾ ਹੈ ਕਿ ਘਟਨਾ ਤੋਂ 24 ਦਿਨ ਬਾਅਦ 21 ਜੂਨ ਤੱਕ ਦੋਵੇਂ ਸ਼ੂਟਰ ਪੰਜਾਬ ’ਚ ਹੀ ਮੌਜੂਦ ਸਨ। ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਭਾਵੇਂ ਪੰਜਾਬ ਪੁਲੀਸ ਸਵਾਲਾਂ ਦੇ ਘੇਰੇ ਵਿੱਚ ਹੈ, ਪਰ ਪੁਲੀਸ ਨੇ ਸ਼ੂਟਰਾਂ ਨੂੰ ਫੜਨ ਲਈ ਵਿਸ਼ੇਸ਼ ਟੀਮ ਬਣਾਉਣ ਦਾ ਦਾਅਵਾ ਕੀਤਾ ਹੈ, ਜਿਸ ਦੀ ਪੁਸ਼ਟੀ ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਗੌਰਵ ਤੂਰਾ ਨੇ ਕੀਤੀ। ਮੂਸੇਵਾਲਾ ਕਤਲ ਕਾਂਡ ਵਿੱਚ ਗ੍ਰਿਫ਼ਤਾਰ ਸ਼ਾਰਪ ਸ਼ੂਟਰ ਪ੍ਰਿਆਵਰਤ ਫੌਜੀ ਅਤੇ ਅੰਕਿਤ ਸੇਰਸਾ ਨੇ ਖੁਲਾਸਾ ਕੀਤਾ ਕਿ ਰੂਪਾ ਅਤੇ ਮੰਨੂ ਉਨ੍ਹਾਂ ਨਾਲ ਭੱਜੇ ਨਹੀਂ ਸਨ। ਉਹ ਪੰਜਾਬ ’ਚ ਆਪਣੇ ਟਿਕਾਣੇ ’ਤੇ ਲੁਕੇ ਹੋਣਗੇ। ਇਸ ਤੋਂ ਬਾਅਦ ਪੰਜਾਬ ਪੁਲੀਸ ਨੇ ਉਨ੍ਹਾਂ ਦੀ ਭਾਲ ਲਈ ਸੀਸੀਟੀਵੀ ਦੀ ਪੜਤਾਲ ਸ਼ੁਰੂ ਕੀਤੀ ਤੇ ਹੁਣ ਉਹ ਪੁਲੀਸ ਨੂੰ ਮਿਲ ਗਏ ਹਨ।