ਬਟਾਲਾ: ਇਥੇ ਡੇਰਾ ਬਾਬਾ ਨਾਨਕ ਰੋਡ ’ਤੇ ਸਥਿਤ ਅੱਡਾ ਧਰਮਕੋਟ ਬੱਗਾ ਨੇੜੇ ਇੱਕ ਟਰੱਕ ਦੀ ਲਪੇਟ ’ਚ ਆ ਕੇ ਮੋਟਰਸਾਈਕਲ ਸਵਾਰ ਮਾਂ-ਧੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਪਿਓ ਤੇ ਪੁੱਤਰ ਵਾਲ-ਵਾਲ ਬਚ ਗਏ। ਘਟਨਾ ਲੰਘੀ ਦੇਰ ਰਾਤ ਵਾਪਰੀ ਹੈ। ਮ੍ਰਿਤਕਾਂ ਦੀ ਪਛਾਣ ਮਨਜੀਤ ਕੌਰ (30) ਪਤਨੀ ਹਰਜੋਤ ਸਿੰਘ ਵਾਸੀ ਪਿੰਡ ਬਿਜਲੀਵਾਲ ਅਤੇ ਜਸਪ੍ਰੀਤ ਕੌਰ (2) ਵਜੋਂ ਹੋਈ ਹੈ। ਘਟਨਾ ਬਾਰੇ ਜਦੋਂ ਮ੍ਰਿਤਕ ਔਰਤ ਦੇ ਪੇਕੇ ਪਰਿਵਾਰ ਨੂੰ ਪਤਾ ਲੱਗਾ ਤਾਂ ਉਨ੍ਹਾਂ ਸਿਵਲ ਹਸਪਤਾਲ ਪਹੁੰਚ ਕੇ ਹੰਗਾਮਾ ਖੜ੍ਹਾ ਕਰ ਦਿੱਤਾ ਅਤੇ ਉਸ ਦੇ ਸਹੁਰੇ ਪਰਿਵਾਰ ਖ਼ਿਲਾਫ਼ ਉਨ੍ਹਾਂ ਦੀ ਲੜਕੀ ਨੂੰ ਜਾਣ-ਬੁੱਝ ਕੇ ਮਾਰਨ ਦੇ ਕਥਿਤ ਦੋਸ਼ ਲਾਏ। ਇਸ ਦੌਰਾਨ ਦੋਵਾਂ ਧਿਰਾਂ ਦਰਮਿਆਨ ਹੱਥੋਪਾਈ ਵੀ ਹੋਈ। ਮ੍ਰਿਤਕਾ ਮਨਜੀਤ ਕੌਰ ਦੇ ਪਤੀ ਹਰਜੋਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਅਤੇ ਦੋਵਾਂ ਬੱਚਿਆਂ ਅੰਸ਼ਪ੍ਰੀਤ ਸਿੰਘ (6) ਅਤੇ ਜਸਪ੍ਰੀਤ ਕੌਰ (2) ਨਾਲ ਮੋਟਰਸਾਈਕਲ ’ਤੇ ਆਪਣੀ ਭੈਣ ਨੂੰ ਮਿਲਣ ਪਿੰਡ ਧੀਰ ਵੱਲ ਜਾ ਰਿਹਾ ਸੀ ਕਿ ਜਦੋਂ ਉਹ ਅੱਡਾ ਧਰਮਕੋਟ ਬੱਗਾ ਨੇੜੇ ਪੁੱਜੇ ਤਾਂ ਡੇਰਾ ਬਾਬਾ ਨਾਨਕ ਵਾਲੇ ਪਾਸਿਓਂ ਆ ਰਹੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਉਸ ਨੇ ਦੱਸਿਆ ਕਿ ਹਾਦਸੇ ਦੌਰਾਨ ਉਸ ਦੀ ਪਤਨੀ ਅਤੇ ਉਸ ਦੀ ਲੜਕੀ ਟਰੱਕ ਦੇ ਟਾਇਰਾਂ ਹੇਠਾਂ ਆ ਗਈਆਂ, ਜਿਸ ਕਾਰਨ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਉਹ ਤੇ ਉਸ ਦਾ ਲੜਕਾ ਵਾਲ-ਵਾਲ ਬਚ ਗਏ। ਘਟਨਾ ਤੋਂ ਬਾਅਦ ਚਾਲਕ ਟਰੱਕ ਸਮੇਤ ਫਰਾਰ ਹੋ ਗਿਆ। ਜਾਂਚ ਅਧਿਕਾਰੀ ਬਚਿੱਤਰ ਸਿੰਘ ਨੇ ਦੱਸਿਆ ਕਿ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਹਨ। -ਖੇਤਰੀ ਪ੍ਰਤੀਨਿਧ