ਨਿੱਜੀ ਪੱਤਰ ਪ੍ਰੇਰਕ
ਮੋਗਾ, 15 ਅਕਤੂਬਰ
ਥਾਣਾ ਸਦਰ ਦੇ ਪਿੰਡ ਡਰੋਲੀ ਭਾਈ ਵਿੱਚ ਪਖਾਨੇ ਵਾਲੀ ਹੌਦੀ ਵਿੱਚ ਡਿੱਗ ਕੇ ਇੱਕ ਔਰਤ ਤੇ ਉਸ ਦੀ ਬੱਚੀ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਜੁਗਰਾਜ ਸਿੰਘ ਉਰਫ਼ ਬੱਗਾ ਦੀ ਕਰੀਬ ਢਾਈ ਵਰ੍ਹਿਆਂ ਦੀ ਧੀ ਗੁਰਨੂਰ ਕੌਰ ਘਰ ਵਿੱਚ ਹੌਦੀ ਪੁੱਟ ਕੇ ਬਣਾਏ ਗਏ ਪਖਾਨੇ ਵਿੱਚ ਗਈ ਸੀ। ਹੌਦੀ ਦਾ ਲੈਂਟਰ ਕਮਜ਼ੋਰ ਹੋਣ ਕਾਰਨ ਟੁੱਟ ਗਿਆ ਤੇ ਗੁਰਨੂਰ ਖੂਹੀ ਵਿੱਚ ਡਿੱਗੀ ਗਈ, ਜਿਸ ਨੂੰ ਬਚਾਉਣ ਲੱਗੀ ਉਸ ਦੀ ਮਾਂ ਸਿਮਰਜੀਤ ਕੌਰ ਵੀ ਹੌਦੀ ਵਿੱਚ ਡਿੱਗ ਪਈ। ਸਿਮਰਜੀਤ ਦੇ ਪਤੀ ਜੁਗਰਾਜ ਸਿੰਘ ਨੇ ਦੋਵਾਂ ਨੂੰ ਬਚਾਉਣ ਲਈ ਹੌਦੀ ਵਿੱਚ ਛਾਲ ਮਾਰ ਦਿੱਤੀ। ਆਲੇ-ਦੁਆਲੇ ਦੇ ਲੋਕਾਂ ਨੇ ਇਕੱਠੇ ਹੋ ਕੇ ਜਦੋਂ ਤਿੰਨਾਂ ਨੂੰ ਬਾਹਰ ਕੱਢਿਆ ਤਾਂ ਸਿਮਰਜੀਤ ਤੇ ਗੁਰਨੂਰ ਦੀ ਮੌਤ ਹੋ ਚੁੱਕੀ ਸੀ, ਜਦਕਿ ਜੁਗਰਾਜ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮ੍ਰਿਤਕਾਂ ਦਾ ਸਥਾਨਕ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਵਾਇਆ ਗਿਆ ਹੈ।