ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 17 ਅਗਸਤ
ਸਰਕਾਰੀ ਨੌਕਰੀ ਲੱਗੇ ਦੋ ਪੁੱਤਰਾਂ ਅਤੇ ਗਜ਼ਟਿਡ ਅਫਸਰ ਪੋਤੀ ਦੀ ਕਰੀਬ 80 ਸਾਲਾ ਦਾਦੀ ਜੋ ਲੰਬੇ ਸਮੇਂ ਤੋਂ ਕਿਸੇ ਗਰੀਬ ਵਿਅਕਤੀ ਦੇ ਘਰ ਵਿੱਚ ਇੱਟਾਂ ਦੇ ਬਣੇ ਘੁਰਨੇ ਵਿੱਚ ਗੁਜ਼ਾਰਾ ਕਰ ਸੀ, ਦੀ ਅੱਜ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ। ਇਸ ਤੋਂ ਬਾਅਦ ਡਿਪਟੀ ਕਮਿਸ਼ਨ ਐੱਮ.ਕੇ. ਅਰਾਵਿੰਦ ਕੁਮਾਰ ਨੇ ਇਸ ਮਾਮਲੇ ਦਾ ਨੋਟਿਸ ਲੈਂਦਿਆਂ ਇਸ ਦੀ ਪੜਤਾਲ ਲਈ ਐੱਸ.ਡੀ.ਐੱਮ. ਮੁਕਤਸਰ ਦੀ ਡਿਊਟੀ ਲਾ ਦਿੱਤੀ ਹੈ।
ਦੱਸਣਯੋਗ ਹੈ ਕਿ ਪੀੜਤ ਮਹਿਲਾ ਦੀ ਬੇਹੱਦ ਗੰਭੀਰ ਤੇ ਤਰਸਯੋਗ ਹਾਲਤ ਬਾਰੇ 14 ਅਗਸਤ ਨੂੰ ਕਿਸੇ ਵਿਅਕਤੀ ਨੇ ਸਿਟੀ ਮੁਕਤਸਰ ਦੀ ਪੁਲੀਸ ਨੂੰ ਸੂਚਨਾ ਦਿੱਤੀ ਸੀ। ਇਸ ’ਤੇ ਪੁਲੀਸ ਨੇ ਮੌਕੇ ’ਤੇ ਜਾ ਕੇ ਪੜਤਾਲ ਕਰਨ ਉਪਰੰਤ ਸਮਾਜ ਸੇਵੀ ਸੰਸਥਾ ‘ਸਾਲਾਸਰ ਸੇਵਾ ਸੁਸਾਇਟੀ’ ਦੇ ਮੈਂਬਰਾਂ ਦੇ ਸਹਿਯੋਗ ਨਾਲ ਪੀੜਤ ਮਹਿਲਾ ਨੂੰ ਮੁਕਤਸਰ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾ ਦਿੱਤਾ ਸੀ ਜਿਥੇ ਡਾਕਟਰਾਂ ਨੇ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ। ਮਾਤਾ ਦੇ ਪੁੱਤਰ ਵੀ ਉਸ ਦੇ ਨਾਲ ਗਏ ਪਰ ਅੱਜ ਸਵੇਰੇ ਜਦੋਂ ਪਰਿਵਾਰ ਵੱਲੋਂ ਮਾਤਾ ਦਾ ਜਲਾਲਾਬਾਦ ਰੋਡ ਸਥਿਤ ਸ਼ਿਵਧਾਮ ਵਿੱਚ ਸਸਕਾਰ ਕਰ ਦਿੱਤਾ ਗਿਆ ਤਾਂ ਲੋਕਾਂ ‘ਚ ਡਾਢੀ ਹੈਰਾਨੀ ਪਾਈ ਗਈ।
ਸ਼ਿਵਧਾਮ ਦੇ ਪ੍ਰਬੰਧਕ ਸ਼ਮੀ ਤੇਹਰੀਆ ਨੇ ਦੱਸਿਆ ਕਿ ਪੀੜਤ ਮਹਿਲਾ ਦਾ ਬਿਜਲੀ ਵਾਲੀ ਭੱਠੀ ‘ਚ ਅੰਤਿਮ ਸੰਸਕਾਰ ਕੀਤਾ ਗਿਆ ਸੀ ਤੇ ਸ਼ਾਮ ਤੱਕ ਪਰਿਵਾਰ ਉਸ ਦੀਆਂ ਅਸਥੀਆਂ ਵੀ ਚੁਗ ਕੇ ਲੈ ਗਿਆ ਸੀ। ਇਸ ਸਬੰਧੀ ਮਾਤਾ ਦੇ ਪੁੱਤਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ। ਇਸ ਦੌਰਾਨ ਡਿਪਟੀ ਕਮਿਸ਼ਨਰ ਐੱਮ. ਕੇ. ਅਰਾਵਿੰਦ ਕੁਮਾਰ ਨੇ ਦੱਸਿਆ ਕਿ ਗੈਰਮਨੁੱਖੀ ਵਤੀਰੇ ਵਾਲੀ ਇਸ ਘਟਨਾ ਸਬੰਧੀ ਉਨ੍ਹਾਂ ਪੜਤਾਲ ਲਈ ਐਸ. ਡੀ. ਐਮ. ਮੁਕਤਸਰ ਦੀ ਡਿਊਟੀ ਲਾ ਦਿੱਤੀ ਹੈ। ਪੜਤਾਲ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।