ਜਗਮੋਹਨ ਸਿੰਘ
ਰੂਪਨਗਰ/ਘਨੌਲੀ, 12 ਮਈ
ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੀਆਂ ਝੀਲਾਂ ਵਿੱਚੋਂ ਸੁਆਹ ਚੁੱਕਣ ਅਤੇ ਥਰਮਲ ਪਲਾਂਟ ਤੇ ਸੀਮਿੰਟ ਫੈਕਟਰੀ ਦੇ ਪ੍ਰਦੂਸ਼ਣ ਖ਼ਿਲਾਫ਼ ਦਬੁਰਜੀ ਵਿੱਚ ਨੇੜਲੇ ਪਿੰਡਾਂ ਦੇ ਵਸਨੀਕਾਂ ਵੱਲੋਂ ਦਿੱਤਾ ਜਾ ਰਿਹਾ ਧਰਨਾ 20 ਦਿਨਾਂ ਤੋਂ ਜਾਰੀ ਹੈ। ਪਿੰਡ ਮਲਿਕਪੁਰ ਨੇੜੇ ਟਰਾਂਸਪੋਰਟਰਾਂ ਅਤੇ ਠੇਕੇਦਾਰਾਂ ਦਾ ਧਰਨਾ ਪੁਲੀਸ ਨੇ ਚੁਕਵਾ ਦਿੱਤਾ ਸੀ। ਪੁਲੀਸ ਵੱਲੋਂ ਦੋਵੇਂ ਧਿਰਾਂ ਵਿਚਕਾਰ ਸਮਝੌਤਾ ਕਰਵਾਉਣ ਦੀਆਂ ਕੋਸ਼ਿਸ਼ਾਂ ਨੂੰ ਹਾਲੇ ਤੱਕ ਬੂਰ ਨਹੀਂ ਪਿਆ ਹੈ। ਧਰਨਾਕਾਰੀਆਂ ਨੇ ਦਬੁਰਜੀ ਤੋਂ ਲੈ ਕੇ ਵਾਇਆ ਚੱਕ ਢੇਰਾ, ਮਿਆਣੀ, ਪਤਿਆਲਾਂ, ਬਹਾਦਰਪੁਰ, ਲੌਦੀਮਾਜਰਾ, ਮੱਦੋਮਾਜਰਾ, ਲੋਹਗੜ੍ਹ ਫਿੱਡੇ ਆਦਿ ਪਿੰਡਾਂ ਵਿੱਚ ਮੋਟਰਸਾਈਕਲ ਰੈਲੀ ਕੱਢ ਕੇ ਜ਼ਿਲ੍ਹਾ ਪ੍ਰਸ਼ਾਸਨ, ਪ੍ਰਦੂਸ਼ਣ ਵਿਭਾਗ, ਅੰਬੂਜਾ ਮੈਨੇਜਮੈਂਟ ਤੇ ਥਰਮਲ ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਰੈਲੀ ਨੂੰ ਸੰਬੋਧਨ ਕਰਦਿਆਂ ਰਾਜਿੰਦਰ ਸਿੰਘ ਘਨੌਲਾ, ਪਰਮਜੀਤ ਸਿੰਘ ਪੰਮੂ, ਸਾਬਕਾ ਸਰਪੰਚ ਤਜਿੰਦਰ ਸਿੰਘ ਸੋਨੀ ਲੋਹਗੜ੍ਹ ਫਿੱਡੇ, ਬੌਬੀ ਬਹਾਦਰਪੁਰ ਆਦਿ ਨੇ ਕਿਹਾ ਕਿ ਥਰਮਲ ਪਲਾਂਟ ਦੀਆਂ ਝੀਲਾਂ ਵਿੱਚੋਂ ਖੁੱਲ੍ਹੀ ਬਾਡੀ ਵਾਲੇ ਓਵਰਲੋਡ ਟਿੱਪਰਾਂ ਰਾਹੀਂ ਸੁਆਹ ਢੋਈ ਜਾਂਦੀ ਹੈ ਜਦੋਂ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਵਿਭਾਗ ਦੇ ਨਿਯਮਾਂ ਅਨੁਸਾਰ ਥਰਮਲ ਪਲਾਂਟ ਦੀਆਂ ਸੁਆਹ ਵਾਲੀਆਂ ਝੀਲਾਂ ਵਿੱਚੋਂ ਸੁਆਹ ਨਹੀਂ ਚੁੱਕੀ ਜਾ ਸਕਦੀ ਤੇ ਇੱਥੇ ਜੰਗਲ ਲਗਾਉਣਾ ਬਣਦਾ ਹੈ। ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਵੱਲੋਂ ਓਵਰਲੋਡ ਗੱਡੀਆਂ ਦੇ ਨੰਬਰ ਅਤੇ ਬਿਲਟੀਆਂ ਪੁਲੀਸ ਨੂੰ ਭੇਜ ਕੇ ਚਲਾਨ ਕੱਟਣ ਲਈ ਕਹਿਣ ’ਤੇ ਪੁਲੀਸ ਦਲੀਲਾਂ ਦੇਣ ਲੱਗ ਪੈਂਦੀ ਹੈ ਕਿ ਤੁਸੀਂ ਆਪਣੇ ਪੱਧਰ ’ਤੇ ਗੱਡੀਆਂ ਨਹੀਂ ਘੇਰ ਸਕਦੇ। ਬੁਲਾਰਿਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਸੁਣਵਾਈ ਨਾ ਹੋਈ ਤਾਂ 15 ਮਈ ਨੂੰ ਵਿਸ਼ਾਲ ਰੈਲੀ ਕੀਤੀ ਜਾਵੇਗੀ।
ਟਰਾਂਸਪੋਰਟ ਅਧਿਕਾਰੀ ਨੇ ਪ੍ਰਦਰਸ਼ਨਕਾਰੀਆਂ ਵੱਲੋਂ ਲਾਏ ਦੋਸ਼ ਨਕਾਰੇ
ਆਰਟੀਏ (ਰੂਪਨਗਰ) ਸੁਖਵਿੰਦਰ ਕੁਮਾਰ ਨੇ ਪ੍ਰਦਰਸ਼ਨਕਾਰੀਆਂ ਵੱਲੋਂ ਲਾਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਰੂਪਨਗਰ ਜ਼ਿਲ੍ਹੇ ਵਿੱਚ ਨਿਯਮਾਂ ਦੀ ਉਲੰਘਣਾ ਕਰਨ ਵਾਲੇ 54 ਵਹੀਕਲਾਂ ਦੇ ਚਾਲਾਨ ਕੀਤੇ ਗਏ ਹਨ ਅਤੇ ਲਗਪਗ 12 ਲੱਖ ਰੁਪਏ ਜੁਰਮਾਨਾ ਵਸੂਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਚੈਕਿੰਗ ਜਾਰੀ ਹੈ। ਜਦੋਂ ਅੰਬੂਜਾ ਸੀਮਿੰਟ ਯੂਨਿਟ ਦਬੁਰਜੀ ਦੇ ਯੂਨਿਟ ਹੈੱਡ ਸ਼ਸ਼ੀ ਭੂਸ਼ਨ ਮੁਖੀਜਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦਾਅਵਾ ਕੀਤਾ ਕਿ ਫੈਕਟਰੀ ਵੱਲੋਂ ਪ੍ਰਦੂਸ਼ਣ ਵਿਭਾਗ ਦੇ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਂਦੀ ਹੈ ਤੇ ਫੈਕਟਰੀ ਵੱਲੋਂ ਢੋਆ-ਢੁਆਈ ਦਾ ਕੰਮ ਸਿੱਧੇ ਤੌਰ ’ਤੇ ਨਹੀਂ ਕੀਤਾ ਜਾਂਦਾ।