ਪੱਤਰ ਪ੍ਰੇਰਕ
ਹੰਡਿਆਇਆ, 12 ਦਸੰਬਰ
ਸੰਯੁਕਤ ਕਿਸਾਨ ਮੋਰਚੇ ਵੱਲੋਂ ਬਰਨਾਲਾ ਰੇਲਵੇ ਸਟੇਸ਼ਨ ’ਤੇ ਪਿਛਲੇ 438 ਦਿਨਾਂ ਤੋਂ ਲਾਇਆ ਧਰਨਾ ਅੱਜ ਹੰਡਿਆਇਆ ਚੌਕ ਵਿੱਚ ਤਬਦੀਲ ਕੀਤਾ ਗਿਆ। ਹੰਡਿਆਇਆ ਚੌਕ ਵਿੱਚ ਦਿੱਲੀ ਮੋਰਚਿਆਂ ਤੋਂ ਅੰਦੋਲਨ ਜਿੱਤ ਕੇ ਵਾਪਸ ਆ ਰਹੇ ਯੋਧਿਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਕਿਸਾਨ ਬੀਬੀਆਂ ਨੇ ਗਿੱਧਾ ਅਤੇ ਬੋਲੀਆਂ ਪਾਈਆਂ। ਕਿਸਾਨ ਆਗੂ ਮਨਜੀਤ ਧਨੇਰ ਨੇ ਕਿਹਾ ਕਿ ਅੰਦੋਲਨ ਖ਼ਤਮ ਨਹੀਂ ਕੀਤਾ ਗਿਆ, ਸਿਰਫ ਮੁਲਤਵੀ ਹੋਇਆ ਹੈ। ਜੇ ਸਰਕਾਰ ਨੇ ਬਾਕੀ ਮੰਗਾਂ ਬਾਰੇ ਕੋਈ ਹਾਂ-ਪੱਖੀ ਕਦਮ ਨਾ ਉਠਾਏ ਤਾਂ ਸੰਯੁਕਤ ਕਿਸਾਨ ਮੋਰਚੇ ਦੀ 15 ਜਨਵਰੀ ਨੂੰ ਹੋਣ ਵਾਲੀ ਮੀਟਿੰਗ ਵਿੱਚ ਅੰਦੋਲਨ ਦੀ ਅਗਲੀ ਰੂਪ ਰੇਖਾ ਉਲੀਕੀ ਜਾਵੇਗੀ। ਉਨ੍ਹਾਂ ਹਾਲੇ ਸਿਰਫ ਇੱਕ ਪੜਾਅ ਪਾਰ ਕੀਤਾ ਹੈ। ਖੇਤੀ ਨੂੰ ਲਾਹੇਵੰਦਾ ਕਿੱਤਾ ਬਣਾਉਣ ਲਈ ਕਿਸਾਨ ਲੰਮੇ ਸੰਘਰਸ਼ ਲਈ ਤਿਆਰ ਰਹਿਣ।