ਚਰਨਜੀਤ ਭੁੱਲਰ
ਚੰਡੀਗੜ੍ਹ, 24 ਅਪਰੈਲ
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਸਾਨ ਖੁਦਕੁਸ਼ੀਆਂ ਦੇ ਮੁੱਦੇ ’ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕੇਜਰੀਵਾਲ ਨੂੰ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਯਾਦ ਕਰਵਾਏ ਹਨ। ਸਿੱਧੂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਆਖਦੇ ਰਹੇ ਹਨ ਕਿ ਪੰਜਾਬ ਵਿੱਚ ਪਹਿਲੀ ਅਪਰੈਲ ਤੋਂ ਬਾਅਦ ਕੋਈ ਕਿਸਾਨ ਖ਼ੁਦਕੁਸ਼ੀ ਨਹੀਂ ਕਰੇਗਾ ਪਰ ਪੰਜਾਬ ਵਿੱਚ ਰੋਜ਼ਾਨਾ ਅਜਿਹਾ ਵਰਤਾਰਾ ਵਾਪਰ ਰਿਹਾ ਹੈ।
ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਬੀਤੇ ਦਿਨੀਂ ਬਠਿੰਡਾ ਜ਼ਿਲ੍ਹੇ ਵਿੱਚ ਖ਼ੁਦਕੁਸ਼ੀ ਕਰਨ ਵਾਲੇ ਦੋ ਕਿਸਾਨਾਂ ਦੇ ਘਰ ਜਾ ਕੇ ਦੁੱਖ ਵੰਡਾ ਕੇ ਆਏ ਹਨ। ਸਿੱਧੂ ਨੇ ਕਿਹਾ ਹੈ ਕਿ ਪੰਜਾਬ ਵਿੱਚ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲਣ ਵਾਸਤੇ ਅਰਵਿੰਦ ਕੇਜਰੀਵਾਲ ਕਦੋਂ ਜਾਣਗੇ। ਨਵਜੋਤ ਸਿੱਧੂ ਨੇ ਟਵੀਟ ਕੀਤਾ, ‘‘ਅਰਵਿੰਦ ਕੇਜਰੀਵਾਲ ਜੀ, ਤੁਸੀਂ ਝੂਠ ਬੋਲਣਾ ਕਦੋਂ ਬੰਦ ਕਰੋਗੇ। ਇੱਕੋ ਜ਼ਿਲ੍ਹੇ ਵਿਚ ਸੱਤ ਕਿਸਾਨ ਖ਼ੁਦਕੁਸ਼ੀ ਕਰ ਗਏ ਹਨ। ਸੋਚ ਕੇ ਦੇਖੋ ਕਿ 23 ਜ਼ਿਲ੍ਹਿਆਂ ਵਿੱਚ ਕਿਸਾਨਾਂ ਦੀ ਕੀ ਹਾਲਤ ਹੋਵੇਗੀ। ਕੀ ਤੁਸੀਂ ਕਿਸੇ ਇੱਕ ਵੀ ਪਰਿਵਾਰ ਨੂੰ ਜਾ ਕੇ ਮਿਲੇ ਹੋ? ਪੰਜਾਬ ਪ੍ਰਤੀ ਤੁਹਾਡੀ ਜ਼ਿੰਮੇਵਾਰੀ ਅਤੇ ਫ਼ਿਕਰ ਹੁਣ ਕਿੱਥੇ ਹਨ? ਵਾਅਦੇ ਅਨੁਸਾਰ ਮੁਆਵਜ਼ਾ ਕਿਥੇ ਹੈ? ਜੋ ਤੁਸੀਂ ਕਹਿੰਦੇ ਹੋ, ਉਸ ਉੱਪਰ ਪਹਿਰਾ ਵੀ ਦੇਵੋ।’’
ਸਿੱਧੂ ਦਾ ਕਹਿਣਾ ਹੈ ਕਿ ਕੇਜਰੀਵਾਲ ਨੇ ਆਪਣੇ ਸਿਆਸੀ ਮਨੋਰਥਾਂ ਲਈ ਪੰਜਾਬ ਨੂੰ ਵਰਤਿਆ ਹੈ। ਜਦੋਂ ਹੁਣ ਹਿਮਾਚਲ ਪ੍ਰਦੇਸ਼ ਵਿਚ ਚੋਣਾਂ ਆ ਗਈਆਂ ਹਨ ਤਾਂ ਕੇਜਰੀਵਾਲ ਪੰਜਾਬ ਨੂੰ ਭੁੱਲ ਹੀ ਗਏ ਹਨ। ਦੱਸਣਯੋਗ ਹੈ ਕਿ ਪੰਜਾਬ ਵਿਚ ਅਪਰੈਲ ਮਹੀਨੇ ਵਿਚ ਹੀ 10 ਤੋਂ ਜ਼ਿਆਦਾ ਕਿਸਾਨ ਖ਼ੁਦਕੁਸ਼ੀ ਕਰ ਗਏ ਹਨ। ਕਣਕ ਦਾ ਝਾੜ ਘਟਣ ਕਰਕੇ ਕਈ ਕਿਸਾਨਾਂ ਨੇ ਆਪਣੀ ਜ਼ਿੰਦਗੀ ਖ਼ਤਮ ਕਰ ਲਈ ਹੈ।
2017 ਵਿਚ ਜਦੋਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਪ੍ਰਚਾਰ ਚੱਲ ਰਿਹਾ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕੀਤੀ ਸੀ ਕਿ ਉਹ ਕਾਂਗਰਸ ਹਕੂਮਤ ਬਣਨ ਤੱਕ ਖ਼ੁਦਕੁਸ਼ੀ ਕਰਨ ਵਰਗਾ ਕਦਮ ਨਾ ਚੁੱਕਣ ਕਿਉਂਕਿ ਸਰਕਾਰ ਬਣਨ ਮਗਰੋਂ ਉਨ੍ਹਾਂ ਦੇ ਹਾਲਾਤ ਸੁਖਾਵੇਂ ਕਰ ਦਿੱਤੇ ਜਾਣਗੇ। ਕਾਂਗਰਸ ਰਾਜ ਵਿਚ ਵੀ ਕਿਸਾਨ ਖੁਦਕੁਸ਼ੀਆਂ ਦਾ ਦੌਰ ਜਾਰੀ ਰਿਹਾ ਸੀ ਤੇ ਹੁਣ ‘ਆਪ’ ਸਰਕਾਰ ਦੇ ਆਉਣ ਮਗਰੋਂ ਵੀ ਕਿਸਾਨ ਖੁਦਕੁਸ਼ੀਆਂ ਰੁਕੀਆਂ ਨਹੀਂ ਹਨ।