ਹਤਿੰਦਰ ਮਹਿਤਾ
ਜਲੰਧਰ, 7 ਸਤੰਬਰ
ਇਥੋਂ ਦੇ ਕਥਿਤ ਠੱਗ ਨੇ 135 ਸਾਲ ਪੁਰਾਣਾ ਗੋਲਕਨਾਥ ਗਿਰਜਾਘਰ (ਚਰਚ) ਵੇਚਣ ਦੀ ਕੋਸ਼ਿਸ਼ ਕੀਤੀ। ਉਸ ਨੇ ਇਸ ਲਈ 5 ਕਰੋੜ ਰੁਪਏ ਦਾ ਬਿਆਨਾ ਵੀ ਲੈ ਲਿਆ। ਇਸ ਦਾ ਪਤਾ ਲੱਗਣ ’ਤੇ ਸ਼ਰਧਾਲੂਆਂ ਨੇ ਹੰਗਾਮਾ ਕਰ ਦਿੱਤਾ ਅਤੇ ਕਮਿਸ਼ਨਰੇਟ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ। ਇਸ ਤੋਂ ਬਾਅਦ ਜਲੰਧਰ ਦੇ ਡੀਸੀ ਹਿਮਾਂਸ਼ੂ ਅਗਰਵਾਲ ਨੇ ਇਸ ਦੀ ਰਜਿਸਟਰੀ ’ਤੇ ਪਾਬੰਦੀ ਲਗਾ ਦਿੱਤੀ ਹੈ। ਮੁਲਜ਼ਮ ਦੀ ਪਛਾਣ ਜੌਰਡਨ ਮਸੀਹ ਵਾਸੀ ਲੁਧਿਆਣਾ ਵਜੋਂ ਹੋਈ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਪਤਾ ਨਹੀਂ ਲੱਗਿਆ ਕਿ ਇਸ ਗਿਰਜਾਘਰ ਦਾ ਸੌਦਾ ਕਿੰਨੇ ਵਿੱਚ ਹੋਇਆ। ਇਸ ਗਿਰਜਾਘਰ ਦੀ 24 ਕਨਾਲ ਤੋਂ ਵੱਧ ਜ਼ਮੀਨ ਹੈ।
ਜੌਰਡਨ ਨੇ ਮਿਸ਼ਨ ਕੰਪਾਊਂਡ ਜਲੰਧਰ ਸਥਿਤ 135 ਸਾਲ ਪੁਰਾਣੇ ਗੋਲਕਨਾਥ ਗਿਰਜਾਘਰ ਲਈ 5 ਕਰੋੜ ਰੁਪਏ ਬਿਆਨਾ ਦੇ ਕੇ ਸੌਦਾ ਕੀਤਾ ਸੀ। ਇਸ ਦੀ ਜ਼ਮੀਨ ਦੀ ਰਜਿਸਟਰੀ ਦੋ ਦਿਨਾਂ ਬਾਅਦ ਹੋਣ ਵਾਲੀ ਸੀ ਪਰ ਇਸ ਤੋਂ ਪਹਿਲਾਂ ਹੀ ਯੂਨਾਈਟਿਡ ਚਰਚ ਆਫ ਨਾਰਥ ਇੰਡੀਆ ਟਰੱਸਟ ਦੇ ਅਧਿਕਾਰੀਆਂ ਨੂੰ ਇਸ ਧੋਖਾਧੜੀ ਬਾਰੇ ਪਤਾ ਲੱਗ ਗਿਆ।
ਟਰੱਸਟ ਦੇ ਸਕੱਤਰ ਅਮਿਤ ਕੇ. ਪ੍ਰਕਾਸ਼ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਾ ਕਿ ਜਲੰਧਰ ਦੇ ਆਦਰਸ਼ ਨਗਰ ਸਥਿਤ ਇਤਿਹਾਸਕ ਗੋਲਕਨਾਥ ਗਿਰਜਾਘਰ ਦੀ ਰਜਿਸਟਰੀ ਦੋ ਦਿਨਾਂ ’ਚ ਹੋਣ ਵਾਲੀ ਹੈ। ਇਹ ਖੁਲਾਸਾ ਹੋਇਆ ਕਿ ਈਸਾ ਨਗਰ ਲੁਧਿਆਣਾ ਦੇ ਰਹਿਣ ਵਾਲੇ ਜੌਰਡਨ ਮਸੀਹ ਨੇ ਲਾਡੋਵਾਲੀ ਰੋਡ, ਜਲੰਧਰ ਦੇ ਰਹਿਣ ਵਾਲੇ ਬਾਬਾ ਦੱਤ ਨਾਲ ਸੌਦਾ ਕੀਤਾ ਹੈ। ਉਸ ਨੇ ਤੁਰੰਤ ਜਲੰਧਰ ਆ ਕੇ ਸਾਰਾ ਮਾਮਲਾ ਤਹਿਸੀਲਦਾਰ-1 ਮਨਿੰਦਰ ਸਿੰਘ ਨੂੰ ਦੱਸਿਆ ਅਤੇ ਉਨ੍ਹਾਂ ਵੱਲੋਂ ਇਹ ਮਾਮਲਾ ਡੀਸੀ ਜਲੰਧਰ ਦੇ ਧਿਆਨ ਵਿੱਚ ਲਿਆਦਾ ਗਿਆ, ਜਿਸ ’ਤੇ ਡੀਸੀ ਜਲੰਧਰ ਨੇ ਗਿਰਜਾਘਰ ਦੀ ਜ਼ਮੀਨ ਦੀ ਰਜਿਸਟਰੀ ਕਰਨ ’ਤੇ ਰੋਕ ਲਾ ਦਿੱਤੀ ਹੈ।
ਅਮਿਤ ਪ੍ਰਕਾਸ਼ ਨੇ ਦੱਸਿਆ ਕਿ ਜੌਰਡਨ ਮਸੀਹ ਨੇ ਯੂਨਾਈਟਿਡ ਚਰਚ ਆਫ ਨਾਰਥ ਇੰਡੀਆ ਟਰੱਸਟ ਦੇ ਨਾਂ ’ਤੇ ਫਰਜ਼ੀ ਟਰੱਸਟ ਬਣਾ ਕੇ ਧੋਖਾਧੜੀ ਕੀਤੀ ਹੈ। ਬਿਆਨੇ ਵਿੱਚ ਉਸ ਨੇ ਗਿਰਜਾਘਰ ਦੀ ਜ਼ਮੀਨ ਦਾ ਖਸਰਾ ਨੰਬਰ ਵੀ ਲਿਖਿਆ ਹੈ। ਗੋਲਕਨਾਥ ਚੈਟਰਜੀ ਮੂਲ ਰੂਪ ਵਿੱਚ ਬੰਗਾਲ ਦਾ ਰਹਿਣ ਵਾਲਾ ਸੀ। ਬ੍ਰਾਹਮਣ ਹੋਣ ਦੇ ਬਾਵਜੂਦ ਉਹ ਈਸਾਈ ਧਰਮ ਤੋਂ ਪ੍ਰਭਾਵਿਤ ਹੋ ਕੇ ਇਸ ਦਾ ਪ੍ਰਚਾਰ ਕਰਨ ਲੱਗਿਆ। ਉਸ ਦੀ ਮੌਤ ਤੋਂ ਚਾਰ ਸਾਲ ਬਾਅਦ ਗਿਰਜਾਘਰ ਦਾ ਨਿਰਮਾਣ 1895 ਵਿੱਚ ਹੋਇਆ ਸੀ ਅਤੇ ਇਸ ਦਾ ਨਾਮ ਉਸ ਦੇ ਨਾਮ ਉੱਤੇ ਰੱਖਿਆ ਗਿਆ ਸੀ।
ਹੋਰ ਵਿਅਕਤੀਆਂ ਬਾਰੇ ਪਤਾ ਲਾਇਆ ਜਾ ਰਿਹੈ: ਏਸੀਪੀ
ਏਸੀਪੀ ਸਪੈਸ਼ਲ ਬਰਾਂਚ ਭਰਤ ਮਸੀਹ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਮੁਕੰਮਲ ਕਰ ਕੇ ਥਾਣਾ ਡਿਵੀਜ਼ਨ ਨੰਬਰ ਛੇ ਵਿਚ ਕੇਸ ਦਰਜ ਕੀਤਾ ਜਾ ਰਿਹਾ ਹੈ ਤੇ ਇਹ ਵੀ ਪਤਾ ਲਾਇਆ ਜਾ ਰਿਹਾ ਹੈ ਕਿ ਇਸ ਮਾਮਲੇ ਵਿਚ ਹੋਰ ਕਿਹੜੇ ਵਿਅਕਤੀ ਸ਼ਾਮਲ ਹਨ। ਜੌਰਡਨ ਮਸੀਹ ਨੇ ਦੋ ਸਾਲ ਪਹਿਲਾਂ ਸਹਾਰਨਪੁਰ ਸਥਿਤ ਗਿਰਜਾਘਰ ਦੀ ਜ਼ਮੀਨ ਵੇਚਣ ਦੀ ਕੋਸ਼ਿਸ਼ ਕੀਤੀ ਸੀ। ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਸੀ। ਉਹ ਇਸ ਮਾਮਲੇ ’ਚ ਜ਼ਮਾਨਤ ’ਤੇ ਸੀ।