ਜਸਵੰਤ ਜੱਸ
ਫਰੀਦਕੋਟ, 21 ਅਕਤੂਬਰ
ਪੰਜਾਬ ਦੇ ਨਰਸਿੰਗ ਕਾਲਜਾਂ ਵਿੱਚ ਵਿਦਿਆਰਥੀਆਂ ਦੀ ਹੋ ਰਹੀ ਪੜ੍ਹਾਈ ਦਾ ਅਸਲ ਸੱਚ ਸਾਹਮਣੇ ਆਇਆ ਹੈ। ਬਾਬਾ ਫਰੀਦ ਯੂਨੀਵਰਸਿਟੀ ਦੇ ਸੂਤਰਾਂ ਅਨੁਸਾਰ ਪੰਜਾਬ ਦੇ 27 ਕਾਲਜਾਂ ਵਿੱਚ ਐੱਮਐੱਸਸੀ ਨਰਸਿੰਗ ਲਈ 524 ਸੀਟਾਂ ਵਾਸਤੇ ਸਿਰਫ਼ 64 ਉਮੀਦਵਾਰਾਂ ਨੇ ਹੀ ਪ੍ਰਵੇਸ਼ ਪ੍ਰੀਖਿਆ ਦਿੱਤੀ ਹੈ ਅਤੇ ਇਨ੍ਹਾਂ 64 ਉਮੀਦਵਾਰਾਂ ਵਿੱਚੋਂ ਸਿਰਫ਼ 4 ਉਮੀਦਵਾਰ ਹੀ ਪ੍ਰਵੇਸ਼ ਪ੍ਰੀਖਿਆ ਪਾਸ ਕਰ ਸਕੇ ਹਨ। ਬਾਬਾ ਫਰੀਦ ਯੂਨੀਵਰਸਿਟੀ ਨੇ ਦੋ ਦਿਨ ਪਹਿਲਾਂ ਐੱਮਐੱਸਸੀ ਨਰਸਿੰਗ ਲਈ ਦਾਖ਼ਲਾ ਪ੍ਰੀਖਿਆ ਲਈ ਸੀ, ਜਿਸ ਵਾਸਤੇ 100 ਉਮੀਦਵਾਰਾਂ ਨੇ ਅਰਜ਼ੀਆਂ ਦਿੱਤੀਆਂ ਸਨ ਪਰ ਸਿਰਫ਼ 64 ਉਮੀਦਵਾਰ ਹੀ ਇਸ ਪ੍ਰੀਖਿਆ ਵਿੱਚ ਬੈਠੇ। ਜਿਨ੍ਹਾਂ ਵਿੱਚ ਜਰਨਲ ਵਰਗ ਦੇ 2 ਵਿਦਿਆਰਥੀ ਹੀ ਸਫ਼ਲ ਹੋਏ। ਇਸੇ ਤਰ੍ਹਾਂ ਪੱਛੜੀ ਸ਼੍ਰੇਣੀ ਦੇ 7 ’ਚੋਂ 2 ਵਿਦਿਆਰਥੀ ਸਫ਼ਲ ਹੋਏ। ਐੱਮਐੱਸਸੀ ਦੀ ਪ੍ਰਵੇਸ਼ ਪ੍ਰੀਖਿਆ ਲਈ ਬੀਐੱਸਸੀ ਵਿੱਚੋਂ 40 ਫ਼ੀਸਦੀ ਅੰਕ ਜਰਨਲ ਕੈਟਾਗਰੀ ਲਈ ਲਾਜ਼ਮੀ ਹਨ ਜਦੋਂ ਕਿ ਐੱਸਸੀ ਵਰਗ ਲਈ ਇਹ ਸ਼ਰਤ 35 ਫ਼ੀਸਦੀ ਸੀ। ਐੱਮਐੱਸਸੀ ਦੀ ਦਾਖ਼ਲਾ ਪ੍ਰੀਖਿਆ ਲਈ ਜਿਸ ਵਿਦਿਆਰਥੀ ਨੇ ਸਭ ਤੋਂ ਵੱਧ ਅੰਕ ਹਾਸਲ ਕੀਤੇ ਹਨ, ਉਹ 42 ਫ਼ੀਸਦੀ ਹੈ। ਸੂਚਨਾ ਅਨੁਸਾਰ ਇਸ ਵੇਲੇ ਪੰਜਾਬ ਵਿੱਚ 10 ਹਜ਼ਾਰ ਵਿਦਿਆਰਥੀ 109 ਕਾਲਜਾਂ ਵਿੱਚ ਬੀਐੱਸਸੀ ਨਰਸਿੰਗ ਦੀ ਪੜ੍ਹਾਈ ਕਰ ਰਹੇ ਹਨ। ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੇ ਆਖਿਆ ਕਿ ਨਰਸਿੰਗ ਕਾਲਜਾਂ ਨੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਨਹੀਂ ਦਿੱਤੀ, ਜਿਸ ਕਰਕੇ ਪੜ੍ਹਾਈ ਦਾ ਮਿਆਰ ਡਿੱਗਿਆ ਹੈ।