ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 26 ਨਵੰਬਰ
ਅੱਜ ਇਥੇ ਪੁੱਜੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਡਿਪਟੀ ਕਮਿਸ਼ਨਰ ਦਫਤਰ ਵਿਖੇ ਦਾਖਲ ਹੋਣ ਤੋ ਪਹਿਲਾਂ ਘਿਰਾਓ ਕਰਨ ਵਿੱਚ ਸਫਲ ਰਹੇ ਸਾਂਝਾ ਠੇਕਾ ਮੁਲਾਜ਼ਮ ਜਥੇਬੰਦੀ ਦੇ ਆਗੂਆਂ ਨੇ ਜਦੋਂ ਮੰਤਰੀ ਨੂੰ ਆਪਣੀਆਂ ਮੰਗਾਂ ਸਬੰਧੀ ਸਵਾਲ ਕੀਤਾ ਤਾਂ ਤੈਸ਼ ਵਿੱਚ ਆਏ ਸ੍ਰੀ ਰੰਧਾਵਾ ਨੇ ਮੁਜ਼ਾਹਰਾਕਾਰੀ ਆਗੂ ਨੂੰ ਕਿਹਾ ‘ਜਾਹ ਕਰਲੈ ਜੋ ਕਰਨਾ।’ ਫਿਰ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨੂੰ ਸੰਬੋਧਿਤ ਹੁੰਦਿਆਂ ਕਿਹਾ, ‘ਡੀਸੀ ਸਾਹਿਬ ਇਧਰ ਆਓ, ਜਿਹੜਾ ਬੰਦਾ ਡਿਊਟੀ ’ਤੇ ਨਹੀਂ… ਕਰੋ ਉਨ੍ਹਾਂ ਨੂੰ ਸਸਪੈਂਡ।’ ਇੰਨਾ ਕਹਿ ਕੇ ਸ੍ਰੀ ਰੰਧਾਵਾ ਅਤੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਉਥੋਂ ਚਲੇ ਗਏ ਪਰ ਠੇਕਾ ਅਧਾਰਿਤ ਮੁਜ਼ਾਹਰਾਕਾਰੀ ਜਿਨ੍ਹਾਂ ’ਚ ਵੱਡੀ ਗਿਣਤੀ ਔਰਤਾਂ ਦੀ ਸੀ, ਨੇ ਆਪਣਾ ਪ੍ਰਦਰਸ਼ਨ ਜਾਰੀ ਰੱਖਦਿਆਂ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ, ਕੇਸਰ ਸਿੰਘ, ਜਸਵਿੰਦਰ ਸਿੰਘ ਅਤੇ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਪ ਮੁੱਖ ਮੰਤਰੀ ਦਾ ਉਨ੍ਹਾਂ ਨਾਲ ਅੱਜ ਵਾਲਾ ਵਤੀਰਾ ਬਹੁਤ ਅੜੀਅਲ ਸੀ ਜਿਸ ਦਾ ਜਥੇਬੰਦੀ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਹੋਰ ਵਿਰੋਧ ਕੀਤਾ ਜਾਵੇਗਾ।
ਇਸ ਦੌਰਾਨ ਆਂਗਣਵਾੜੀ ਵਰਕਰਾਂ, ਸਿਹਤ ਵਿਭਾਗ ਦੇ ਕਾਮਿਆਂ, ਮਨਿਸਟਰੀਅਲ ਸਟਾਫ ਐਸੋਸੀਏਸ਼ਨ ਵੱਲੋਂ ਵੀ ਆਪਣੀਆਂ ਮੰਗਾਂ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ ਗਈ ਪਰ ਪ੍ਰਸਾਸ਼ਨ ਵੱਲੋਂ ਉਨ੍ਹਾਂ ਨੂੰ ਗੱਲਬਾਤ ਦਾ ਭਰੋਸਾ ਦੇ ਕੇ ਮਾਮਲਾ ਠੰਢਾ ਕਰਨ ਦਾ ਯਤਨ ਕੀਤਾ ਗਿਆ।