ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 9 ਮਾਰਚ
ਇਸ ਵਾਰ ਚੋਣ ਮੁਕਾਬਲਾ ਸਖ਼ਤ ਹੋਣ ਕਰਕੇ ਪੋਸਟਲ ਬੈਲੇਟ ਪੇਪਰਾਂ ਦਾ ਮਹੱਤਵ ਬਹੁਤ ਜ਼ਿਆਦਾ ਵੱਧ ਗਿਆ ਹੈ ਤੇ ਇਨ੍ਹਾਂ ਦਾ ਜਿੱਤ-ਹਾਰ ਵਿੱਚ ਅਹਿਮ ਹਿੱਸਾ ਹੋਵੇਗਾ| ਇਸ ਲਈ ਉਮੀਦਵਾਰਾਂ ਵੱਲੋਂ ਕਰਮਚਾਰੀਆਂ ਨੂੰ ਆਪਣੇ ਹੱਕ ’ਚ ਭੁਗਤਾਉਣ ਲਈ ਪੂਰਾ ਟਿੱਲ ਲਾਇਆ ਗਿਆ| ਵੋਟਾਂ ਦੀ ਗਿਣਤੀ ਤੱਕ ਪੋਸਟਲ ਬੈਲੇਟ ਪੇਪਰ ਆਉਣ ਦਾ ਸਿਲਸਿਲਾ ਜਾਰੀ ਹੈ ਤੇ ਹੁਣ ਤੱਕ ਜਿੰਨੇ ਬੈਲੇਟ ਪੇਪਰ ਮੁਕਤਸਰ ਪ੍ਰਸ਼ਾਸਨ ਨੇ ਵਸੂਲੇ ਹਨ, ਉਹ ਪੰਜਾਬ ਭਰ ਵਿੱਚੋਂ ਸਭ ਤੋਂ ਵੱਧ ਹਨ| ਪੋਸਟਲ ਬੈਲੇਟ ਪੇਪਰ ਪ੍ਰਬੰਧਕ ਜਸਪਾਲ ਮੌਂਗਾ ਨੇ ਦੱਸਿਆ ਕਿ ਮੁਕਤਸਰ ਜ਼ਿਲ੍ਹੇ ਦੇ ਜਾਰੀ ਕੀਤੇ 6044 ਪੋਸਟਲ ਬੈਲੇਟ ਪੇਪਰਾਂ ’ਚੋਂ ਹੁਣ ਤੱਕ 4927 ਵਸੂਲ ਕੀਤੇ ਜਾ ਚੁੱਕੇ ਹਨ, ਜੋ 81.52 ਫ਼ੀਸਦ ਬਣਦੇ ਹਨ| ਇਸੇ ਤਰ੍ਹਾਂ ਹਲਕਾ ਵਾਰ ਲੰਬੀ ਦੇ 1042 ਵਿੱਚੋਂ 817, ਮਲੋਟ ਹਲਕੇ ਦੇ 1524 ਵਿੱਚੋਂ 1238, ਗਿੱਦੜਬਾਹਾ ਹਲਕੇ ਦੇ 1351 ਵਿੱਚੋਂ 1121 ਅਤੇ ਮੁਕਤਸਰ ਹਲਕੇ ਦੇ 2117 ਵਿੱਚੋਂ 1751 ਪੋਸਟਲ ਬੈਲੇਟ ਪੇਪਰ ਹੁਣ ਤੱਕ ਆ ਚੁੱਕੇ ਹਨ ਅਤੇ ਸਿਲਸਿਲਾ ਜਾਰੀ ਹੈ| ਮੁਕਤਸਰ ਹਲਕੇ ਦੇ ਰਿਟਰਨਿੰਗ ਅਫਸਰ-ਕਮ-ਐੱਸਡੀਐੱਮ ਸਵਰਨਜੀਤ ਕੌਰ ਨੇ ਦੱਸਿਆ ਕਿ ਬੈਲੇਟ ਪੇਪਰ ਗਿਣਤੀ ਵਾਲੇ ਦਿਨ 8 ਵਜੇ ਤੱਕ ਗਿਣਤੀ ਕੇਂਦਰ ਦੇ ਗੇਟ ’ਤੇ ਵਸੂਲ ਕੀਤੇ ਜਾਣਗੇ ਪਰ ਕਿਸੇ ਕਾਰਨ ਡਾਕ ਰਾਹੀਂ ਆਉਣ ਵਾਲੇ ਬੈਲੇਟ ਪੇਪਰ ਜੇਕਰ 8 ਵਜੇ ਤੋਂ ਬਾਅਦ ਆਉਂਦੇ ਹਨ ਤਾਂ ਇਸ ਵਾਸਤੇ ਡਾਕੀਏ ਨੂੰ ਰੈੱਡ ਕਾਰਡ ਜਾਰੀ ਕੀਤਾ ਜਾਵੇਗਾ ਤਾਂ ਜੋ ਪੋਸਟਲ ਬੈਲੇਟ ਪੇਪਰ ਨੂੰ ਗਿਣਤੀ ਕੇਂਦਰ ਵਿੱਚ ਪੁੱਜਦਾ ਕੀਤਾ ਜਾ ਸਕੇ|