ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 1 ਅਗਸਤ
ਪੰਜਾਬ ਦੇ ਸਾਬਕਾ ਆਈਏਐੱਸ ਅਧਿਕਾਰੀ ਦੇ ਬੇਟੇ ਅਤੇ ਸਿਟਕੋ ਦੇ ਜੂਨੀਅਰ ਇੰਜਨੀਅਰ (ਜੇਈ) ਬਲਵੰਤ ਸਿੰਘ ਮੁਲਤਾਨੀ ਨੂੰ 29 ਸਾਲ ਪਹਿਲਾਂ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ ਵਿੱਚ ਲਾਪਤਾ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸੂਬੇ ਦੇ ਚਰਚਿਤ ਸਾਬਕਾ ਡੀਜੀਪੀ ਸੁਮੇਧ ਸੈਣੀ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਚੰਡੀਗੜ੍ਹ ਵਿੱਚ ਐੱਸਐੱਸਪੀ ਵਜੋਂ ਤਾਇਨਾਤੀ ਦੌਰਾਨ ਸੁਮੇਧ ਸੈਣੀ ਦੀ ਖਾਸ ਟੀਮ ਵਿੱਚ ਸ਼ਾਮਲ ਯੂਟੀ ਪੁਲੀਸ ਦੇ ਤਿੰਨ ਸਾਬਕਾ ਇੰਸਪੈਕਟਰ ਸੈਣੀ ਖ਼ਿਲਾਫ਼ ਵਾਅਦਾ ਮੁਆਫ਼ੀ ਗਵਾਹ ਬਣ ਗਏ ਹਨ। ਸੁਮੇਧ ਸਿੰਘ ਸੈਣੀ ਸਮੇਤ ਛੇ ਮੁਲਜ਼ਮਾਂ ਐੱਸਪੀ ਬਲਦੇਵ ਸਿੰਘ ਸੈਣੀ ਅਤੇ ਇੰਸਪੈਕਟਰ ਸਤਵੀਰ ਸਿੰਘ, ਹਰ ਸਹਾਏ ਸ਼ਰਮਾ (69) ਵਾਸੀ ਸੈਕਟਰ-51ਡੀ, ਜਗੀਰ ਸਿੰਘ (70) ਵਾਸੀ ਸੈਕਟਰ-51, ਅਨੋਖ ਸਿੰਘ (65) ਵਾਸੀ ਸੈਕਟਰ-21 ਅਤੇ ਕੁਲਦੀਪ ਸਿੰਘ ਸੰਧੂ (66) ਵਾਸੀ ਮਨੀਮਾਜਰਾ ਦੇ ਖ਼ਿਲਾਫ਼ ਮਟੌਰ ਥਾਣੇ ਵਿੱਚ ਧਾਰਾ 364, 201, 344, 330, 219 ਅਤੇ 120ਬੀ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਐੱਸਪੀ ਬਲਦੇਵ ਸਿੰਘ ਸੈਣੀ ਅਤੇ ਇੰਸਪੈਕਟਰ ਸਤਵੀਰ ਸਿੰਘ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ’ਤੇ 11 ਦਸੰਬਰ 1991 ਨੂੰ ਸਵੇਰੇ ਤੜਕੇ 4 ਵਜੇ ਇੱਥੋਂ ਦੇ ਫੇਜ਼-7 ਸਥਿਤ ਸਾਬਕਾ ਆਈਏਐਸ ਅਧਿਕਾਰੀ ਦੇ ਬੇਟੇ ਅਤੇ ਸਿੱਟਕੋ ਦੇ ਜੇਈ ਬਲਵੰਤ ਸਿੰਘ ਮੁਲਤਾਨੀ ਨੂੰ ਘਰੋਂ ਚੁੱਕ ਕੇ ਤਸ਼ੱਦਦ ਢਾਹੁਣ ਅਤੇ ਬਾਅਦ ਵਿੱਚ ਗਾਇਬ ਕਰ ਦੇਣ ਦਾ ਦੋਸ਼ ਹੈ। ਹੁਣ ਸੈਣੀ ਦੇ ਤਿੰਨ ਚਹੇਤੇ ਸਾਬਕਾ ਪੁਲੀਸ ਅਧਿਕਾਰੀਆਂ ਹਰ ਸਹਾਏ ਸ਼ਰਮਾ, ਜਗੀਰ ਸਿੰਘ ਅਤੇ ਕੁਲਦੀਪ ਸਿੰਘ ਸੰਧੂ ਨੇ ਯੂ-ਟਰਨ ਲੈਂਦਿਆਂ ਵਾਅਦਾ ਮੁਆਫ਼ੀ ਗਵਾਹ ਬਣਨ ਰਾਜ਼ੀ ਹੋ ਗਏ ਹਨ। ਉਨ੍ਹਾਂ ਨੇ ਮੁਹਾਲੀ ਦੀ ਅਦਾਲਤ ਵਿੱਚ ਧਾਰਾ 164 ਤਹਿਤ ਆਪਣੇ ਬਿਆਨ ਵੀ ਦਰਜ ਕਰਵਾਉਣ ਬਾਰੇ ਪਤਾ ਲੱਗਾ ਹੈ ਪ੍ਰੰਤੂ ਇਸ ਬਾਰੇ ਕੋਈ ਵੀ ਅਧਿਕਾਰੀ ਆਪਣਾ ਮੂੰਹ ਖੋਲ੍ਹਣ ਨੂੰ ਤਿਆਰ ਨਹੀਂ ਹੈ, ਕਿਉਂਕਿ ਸੈਣੀ ਖ਼ਿਲਾਫ਼ ਕੇਸ ਦੂਜੀ ਅਦਾਲਤ ਵਿੱਚ ਚਲ ਰਿਹਾ ਹੈ ਅਤੇ ਇਸ ਕੇਸ ਦੀ ਅਗਲੀ ਸੁਣਵਾਈ 7 ਅਗਸਤ ਨੂੰ ਹੋਣੀ ਹੈ। ਬੀਤੀ 30 ਜੁਲਾਈ ਨੂੰ ਸੁਣਵਾਈ ਦੌਰਾਨ ਸਬੰਧਤ ਅਦਾਲਤ ਵਿੱਚ ਕਿਸੇ ਬਿਆਨ ਦਰਜ ਨਹੀਂ ਹੋਏ ਹਨ। ਉਸ ਦਿਨ ਸਿਰਫ਼ ਦੋ ਮੁਲਜ਼ਮਾਂ ਅਨੋਖ ਸਿੰਘ ਅਤੇ ਜਗੀਰ ਸਿੰਘ ਨੂੰ ਪੱਕੀ ਜ਼ਮਾਨਤ ਦੇਣ ਬਾਰੇ ਬਹਿਸ ਹੋਈ ਸੀ।
ਉਧਰ, ਮੁਹਾਲੀ ਅਦਾਲਤ ਵਿੱਚ ਕੇਸ ਦੀ ਸੁਣਵਾਈ ਦੌਰਾਨ ਇਹ ਗੱਲ ਸਾਹਮਣੇ ਆ ਚੁੱਕੀ ਹੈ ਕਿ ਮੁਲਤਾਨੀ ਨੂੰ ਘਰੋਂ ਚੁੱਕ ਕੇ ਲਿਜਾਉਣ ਲਈ ਵਾਲੀ ਯੂਟੀ ਪੁਲੀਸ ਦੀ ਟੀਮ ਨੇ ਆਪਣੇ ਸੀਨੀਅਰ ਅਧਿਕਾਰੀਆਂ ਤੋਂ ਕੋਈ ਪ੍ਰਵਾਨਗੀ ਨਹੀਂ ਲਈ ਸੀ। ਜਾਂਚ ਅਧਿਕਾਰੀ ਦੀ ਮੌਜੂਦਗੀ ਵਿੱਚ ਅਦਾਲਤ ਵਿੱਚ ਸੁਮੇਧ ਸੈਣੀ ਦੇ ਬਿਆਨਾਂ ਦਾ ਹਵਾਲਾ ਦਿੰਦਿਆਂ ਕਿਹਾ ਜਾ ਚੁੱਕਾ ਹੈ ਕਿ ਮੁਲਤਾਨੀ ਕੇਸ ਬਾਰੇ ਹੋਈ ਪੁੱਛਗਿੱਛ ਦੌਰਾਨ ਸੈਣੀ ਨੇ ਸਪੱਸ਼ਟ ਆਖਿਆ ਸੀ ਕਿ ਨੌਜਵਾਨ ਨੂੰ ਘਰੋਂ ਚੁੱਕਣ ਜਾਂ ਗ੍ਰਿਫ਼ਤਾਰੀ ਪਾਉਣ ਬਾਰੇ ਯੂਟੀ ਪੁਲੀਸ ਦੇ ਕਿਸੇ ਮੁਲਾਜ਼ਮ ਨੇ ਉਨ੍ਹਾਂ ਤੋਂ ਇਜਾਜ਼ਤ ਨਹੀਂ ਲਈ ਸੀ, ਹੋ ਸਕਦਾ ਹੈ ਕਿ ਸਬੰਧਤ ਪੁਲੀਸ ਟੀਮ ਨੇ ਆਪਣੇ ਪੱਧਰ ’ਤੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੋਵੇ। ਉਸ ਸਮੇਂ ਸੁਮੇਧ ਸੈਣੀ ਚੰਡੀਗੜ੍ਹ ਵਿੱਚ ਐੱਸਐੱਸਪੀ ਦੇ ਅਹੁਦੇ ’ਤੇ ਤਾਇਨਾਤ ਸਨ।