ਜਸਵੰਤ ਜੱਸ
ਫ਼ਰੀਦਕੋਟ, 19 ਜੁਲਾਈ
ਵਿਜੀਲੈਂਸ ਰੇਂਜ ਫਿਰੋਜ਼ਪੁਰ ਨੇ ਫ਼ਰੀਦਕੋਟ ਦੇ ਪਿੰਡ ਕੋਟਸੁਖੀਆ ਵਿੱਚ ਇੱਕ ਡੇਰਾ ਮੁਖੀ ਦੇ ਕਾਤਲ ਨੂੰ ਕਥਿਤ ਕਰੋੜਾਂ ਰੁਪਏ ਰਿਸ਼ਵਤ ਲੈ ਕੇ ਕਲੀਨ ਚਿਟ ਦੇਣ ਦੇ ਮਾਮਲੇ ’ਚ ਫ਼ਰੀਦਕੋਟ ਦੇ ਡੀਐੱਸਪੀ ਸੁਸ਼ੀਲ ਕੁਮਾਰ ਨੁੰ ਗ੍ਰਿਫ਼ਤਾਰ ਕਰ ਲਿਆ ਹੈ। ਸੂਚਨਾ ਅਨੁਸਾਰ ਚਾਰ ਸਾਲ ਪਹਿਲਾਂ ਪਿੰਡ ਕੋਟਸੁਖੀਆ ਵਿੱਚ ਸੰਤ ਦਿਆਲ ਦਾਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਬਾਅਦ ਵਿੱਚ ਪੁਲੀਸ ਨੇ ਇਸ ਕਤਲ ਦੇ ਮੁੱਖ ਸਾਜ਼ਿਸ਼ ਘਾੜੇ ਜਰਨੈਲ ਦਾਸ ਨੂੰ ਇੱਕ ਪੜਤਾਲ ਮਗਰੋਂ ਕਲੀਨ ਚਿਟ ਦੇ ਦਿੱਤੀ, ਪਰ ਵਧੀਕ ਸੈਸ਼ਨ ਜੱਜ ਫਰੀਦਕੋਟ ਨੇ ਚਲਾਨ ਪੇਸ਼ ਹੋਣ ਤੋਂ ਬਾਅਦ ਜਰਨੈਲ ਦਾਸ ਨੂੰ ਮੁਲਜ਼ਮ ਵਜੋਂ ਤਲਬ ਕਰ ਲਿਆ। ਇਸ ਤੋਂ ਬਾਅਦ ਜਰਨੈਲ ਦਾਸ ਨੇ ਅਗਾਊਂ ਜ਼ਮਾਨਤ ਲੈਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਅਤੇ ਹਾਈ ਕੋਰਟ ਨੇ ਜਰਨੈਲ ਦਾਸ ਨੂੰ ਦਿੱਤੀ ਗਈ ਕਲੀਨ ਚਿੱਟ ‘ਤੇ ਹੈਰਾਨੀ ਪ੍ਰਗਟਾਈ। ਇਸ ਮਾਮਲੇ ਵਿੱਚ ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਨੇ ਵੱਖਰੇ ਤੌਰ ‘ਤੇ ਪੜਤਾਲ ਦੇ ਨਿਰਦੇਸ਼ ਦਿੱਤੇ ਸਨ ਅਤੇ ਪੜਤਾਲ ਤੋਂ ਪਤਾ ਲੱਗਾ ਕਿ ਐੱਸ.ਪੀ ਗਗਨੇਸ਼ ਕੁਮਾਰ, ਡੀ.ਐੱਸ.ਪੀ ਸੁਸ਼ੀਲ ਕੁਮਾਰ ਅਤੇ ਇੰਸਪੈਕਟਰ ਖੇਮ ਚੰਦ ਪਰਾਸ਼ਰ ਨੇ ਮੁਲਜ਼ਮ ਨੂੰ ਕਲੀਨ ਚਿਟ ਦੇਣ ਲਈ ਕਥਿਤ ਤੌਰ ‘ਤੇ ਇੱਕ ਕਰੋੜ ਰੁਪਏ ਰਿਸ਼ਵਤ ਲਈ ਸੀ। ਇਸ ਕੇਸ ਵਿੱਚ ਫਰੀਦਕੋਟ ਦੇ ਆਈਜੀ ਅਤੇ ਡੀਆਈਜੀ ਦੇ ਦਫ਼ਤਰ ਵੀ ਵਿਵਾਦਾਂ ਦੇ ਘੇਰੇ ਵਿੱਚ ਹਨ, ਕਿਉਂਕਿ ਕਲੀਨ ਚਿਟ ਵਾਲੀ ਪੜਤਾਲ ਦੀ ਅਗਵਾਈ ਆਈਜੀ ਅਤੇ ਡੀਆਈਜੀ ਵੱਲੋਂ ਕੀਤੀ ਗਈ ਸੀ। ਮਾਮਲੇ ’ਚ ਬਾਕੀ ਮੁਲਜ਼ਮ ਅਜੇ ਤੱਕ ਭਗੌੜੇ ਹਨ।