ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ, 15 ਜੂਨ
ਪਿੰਡ ਸੱਦਾ ਸਿੰਘ ਵਾਲਾ ਵਿੱਚ ਦੇਰ ਸ਼ਾਮ ਦੁਕਾਨ ਤੋਂ ਸਾਮਾਨ ਲੈਣ ਗਏ ਬਲਜੀਤ ਸਿੰਘ ਸੋਨੀ ਦਾ ਉਸ ਦੇ ਦੋਸਤ ਨੇ ਕਤਲ ਕਰ ਦਿੱਤਾ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਸੁਰਜੀਤ ਸਿੰਘ, ਗੁਰਪ੍ਰੀਤ ਸਿੰਘ ਅਤੇ ਸਾਬਕਾ ਸਰਪੰਚ ਨਿਰਮਲ ਸਿੰਘ ਨੇ ਦੱਸਿਆ ਕਿ ਬਲਜੀਤ ਸਿੰਘ ਘਰ ਦੇ ਨਜ਼ਦੀਕ ਦੁਕਾਨ ਉੱਪਰ ਕੋਈ ਸਾਮਾਨ ਲੈਣ ਗਿਆ ਸੀ। ਇੱਥੇ ਉਸ ਦੇ ਦੋਸਤ ਪਰਗਟ ਸਿੰਘ ਨੇ ਉਸ ਤੋਂ ਉਧਾਰੇ ਪੈਸਿਆਂ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਪਰਗਟ ਸਿੰਘ ਪਹਿਲਾਂ ਵੀ ਬਲਜੀਤ ਤੋਂ ਉਧਾਰੇ ਪੈਸੇ ਲੈ ਜਾਂਦਾ ਸੀ। ਇਸ ਵਾਰ ਬਲਜੀਤ ਵੱਲੋਂ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਜਿਸ ਕਾਰਨ ਮੁਲਜ਼ਮ ਨੇ ਤੇਜ਼ਧਾਰ ਹਥਿਆਰ ਨਾਲ ਬਲਜੀਤ ਸਿੰਘ ਦੀ ਗਰਦਨ ਤੇ ਛਾਤੀ ਉੱਪਰ ਚਾਕੂ ਮਾਰ ਦਿੱਤੇ।
ਮ੍ਰਿਤਕ ਦੇ ਚਚੇਰੇ ਭਰਾ ਸੁਰਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਦੋਵਾਂ ਨੂੰ ਝਗੜਦੇ ਦੇਖਿਆ ਤਾਂ ਉਹ ਭੱਜ ਕੇ ਕੋਲ ਗਏ ਪਰ ਮੁਲਜ਼ਮ ਨੇ ਬਲਜੀਤ ਉੱਪਰ ਤੇਜ਼ਧਾਰ ਚਾਕੂ ਨਾਲ ਕਈ ਵਾਰ ਕਰ ਦਿੱਤੇ ਸਨ। ਜਦੋਂ ਉਹ ਜ਼ਖ਼ਮੀ ਹਾਲਤ ਵਿੱਚ ਬਲਜੀਤ ਨੂੰ ਸਿਵਲ ਹਸਪਤਾਲ ਮੋਗਾ ਵਿੱਚ ਲੈ ਕੇ ਗਏ ਤਾਂ ਉਹ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਦਮ ਤੋੜ ਗਿਆ। ਪਰਿਵਾਰ ਵਾਲਿਆਂ ਨੇ ਜ਼ਿਲ੍ਹਾ ਪੁਲੀਸ ਮੁਖੀ ਤੋਂ ਮੁਲਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਸਿਵਲ ਹਸਪਤਾਲ ਪੁੱਜੇ ਜਾਂਚ ਅਧਿਕਾਰੀ ਜਸਵੰਤ ਸਿੰਘ ਨੇ ਕਿਹਾ ਕਿ ਰਾਤ ਅੱਠ ਵਜੇ ਦੇ ਕਰੀਬ ਬਲਜੀਤ ਸਿੰਘ ਅਤੇ ਹਮਲਾਵਰ ਪਰਗਟ ਸਿੰਘ ਦਾ ਪੈਸੇ ਦੇ ਦੇਣ-ਲੈਣ ਤੋਂ ਝਗੜਾ ਹੋ ਗਿਆ ਸੀ। ਇਸ ਦੌਰਾਨ ਪਰਗਟ ਸਿੰਘ ਵੱਲੋਂ ਕੀਤੇ ਹਮਲੇ ਕਾਰਨ ਬਲਜੀਤ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਦੇ ਚਚੇਰੇ ਭਰਾ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।