ਡਾ. ਹਿਮਾਂਸ਼ੂ ਸੂਦ
ਮੰਡੀ ਗੋਬਿੰਦਗੜ੍ਹ, 15 ਅਕਤੂਬਰ
ਇੱਥੇ ਬਿਧੀ ਚੰਦ ਕਲੋਨੀ ਵਿੱਚ ਬੀਤੀ ਰਾਤ ਪੰਜ ਸੌ ਰੁਪਏ ਪਿੱਛੇ ਹੋਏ ਝਗੜੇ ਵਿੱਚ ਪਰਵਾਸੀਆਂ ਨੇ ਆਪਣੇ ਹੀ ਸਾਥੀ 30 ਸਾਲਾ ਬਚੂ ਲਾਲ ਦਾ ਬਾਲੇ ਮਾਰ ਕੇ ਕਤਲ ਕਰ ਦਿੱਤਾ। ਥਾਣਾ ਮੰਡੀ ਗੋਬਿੰਦਗੜ੍ਹ ਦੇ ਮੁਖੀ ਅਕਾਸ਼ ਦੱਤ ਨੇ ਦੱਸਿਆ ਕਿ ਪੁਲੀਸ ਨੂੰ ਇਸ ਮਾਮਲੇ ਬਾਰੇ ਅੱਜ ਸਵੇਰੇ ਜਾਣਕਾਰੀ ਮਿਲੀ ਜਿਸ ’ਤੇ ਉਨ੍ਹਾਂ ਮੌਕੇ ’ਤੇ ਜਾ ਕੇ ਜਾਇਜ਼ਾ ਲਿਆ। ਇਸ ਮਗਰੋਂ ਮ੍ਰਿਤਕ ਦੇਹ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਵਿੱਚ ਪੋਸਟ ਮਾਰਟਮ ਲਈ ਭੇਜ ਦਿੱਤੀ। ਉਨ੍ਹਾਂ ਦਸਿਆ ਕਿ ਇਹ ਘਟਨਾ ਸਰਬਜੀਤ ਸਿੰਘ ਦੇ ਗੁਦਾਮ ਵਿੱਚ ਵਾਪਰੀ। ਇਸ ਸਬੰਧੀ ਪੁਲੀਸ ਨੇ ਮ੍ਰਿਤਕ ਦੇ ਸਾਥੀ ਤੇਜੀ ਵਾਸੀ ਮੰਡੀ ਗੋਬਿੰਦਗੜ੍ਹ ਦੇ ਬਿਆਨਾਂ ਦੇ ਆਧਾਰ ’ਤੇ 5 ਪਰਵਾਸੀਆਂ ਮਹਿੰਦਰ, ਜਤਿੰਦਰ, ਪੂਰਨਵਾਸੀ, ਮਨੀਸ਼ ਅਤੇ ਵਿਜੈ ਖਿਲਾਫ਼ ਧਾਰਾ 302 ਆਈ.ਪੀ.ਸੀ. ਅਧੀਨ ਕੇਸ ਦਰਜ ਕਰ ਲਿਆ ਹੈ।