ਜਸਬੀਰ ਸਿੰਘ ਚਾਨਾ
ਫਗਵਾੜਾ, 16 ਜਨਵਰੀ
ਇਥੇ ਇਤਿਹਾਸਕ ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਕਥਿਤ ਬੇਅਦਬੀ ਕਰਨ ਆਏ ਨੌਜਵਾਨ ਦਾ ਨਿਹੰਗ ਸਿੰਘ ਨੇ ਤੇਜ਼ ਹਥਿਆਰ ਨਾਲ ਕਤਲ ਕਰ ਦਿੱਤਾ। ਮੁਲਜ਼ਮ ਦੀ ਪਛਾਣ ਨਿਹੰਗ ਰਮਨਦੀਪ ਸਿੰਘ ਉਰਫ਼ ਮੰਗੂ ਮੱਠ ਲੁਧਿਆਣਾ ਵਜੋਂ ਹੋਈ ਹੈ ਜੋ ਰਾਤ ਕੱਟਣ ਲਈ ਗੁਰਦੁਆਰੇ ’ਚ ਰੁਕਿਆ ਸੀ। ਉਧਰ ਬੇਅਦਬੀ ਕਰਨ ਆਏ ਨੌਜਵਾਨ ਦੀ ਅਜੇ ਤੱਕ ਸ਼ਨਾਖਤ ਨਹੀਂ ਹੋਈ ਤੇ ਪੁਲੀਸ ਨੇ ਉਸ ਦੀ ਲਾਸ਼ ਜਲੰਧਰ ਸਿਵਲ ਹਸਪਤਾਲ ਭੇਜ ਦਿੱਤੀ ਹੈ। ਨਿਹੰਗ ਸਿੰਘ ਖਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਲਈ ਐੱਸਪੀ ਦੀ ਅਗਵਾਈ ਹੇਠ ਕਮੇਟੀ ਗਠਿਤ ਕੀਤੀ ਗਈ ਹੈ। ਗੁਰਦੁਆਰਾ ਸਾਹਿਬ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਚੱਲ ਰਿਹਾ ਸੀ। ਇਸ ਦੌਰਾਨ ਗੁਰਦੁਆਰੇ ਦੇ ਸੇਵਾਦਾਰਾਂ ਨੇ ਤੜਕੇ ਤਿੰਨ ਵਜੇ ਦੇ ਕਰੀਬ ਬਾਥਰੂਮ ’ਚ ਲੁਕੇ ਇਕ ਵਿਅਕਤੀ ਨੂੰ ਕਾਬੂ ਕੀਤਾ। ਸੇਵਾਦਾਰ ਇਸ ਘਟਨਾ ਬਾਰੇ ਪੁਲੀਸ ਨੂੰ ਫ਼ੋਨ ਕਰਦੇ ਰਹੇ ਪਰ ਜਦੋਂ ਕਿਸੇ ਨੇ ਫੋਨ ਨਹੀਂ ਚੁੱਕਿਆ ਤਾਂ ਉਹ ਖ਼ੁਦ ਥਾਣਾ ਸਿਟੀ ਚਲੇ ਗਏ। ਇਸੇ ਦੌਰਾਨ ਜਦੋਂ ਨਿਹੰਗ ਰਮਨਦੀਪ ਸਿੰਘ ਨੂੰ ਇਸ ਮਾਮਲੇ ਦਾ ਪਤਾ ਲੱਗਾ ਤਾਂ ਉਹ ਹੇਠਾਂ ਆਇਆ। ਉਸ ਦੀ ਕਥਿਤ ਬੇਅਦਬੀ ਕਰਨ ਆਏ ਸ਼ਖ਼ਸ ਨਾਲ ਝੜਪ ਹੋ ਗਈ। ਜਦੋਂ ਪੁਲੀਸ ਤੇ ਸੇਵਾਦਾਰ ਥਾਣੇ ਤੋਂ ਵਾਪਸ ਪੁੱਜੇ ਤਾਂ ਉਦੋਂ ਤੱਕ ਉਸ ਵਿਅਕਤੀ ਦੀ ਝੜਪ ਦੌਰਾਨ ਮੌਤ ਹੋ ਚੁੱਕੀ ਸੀ। ਏਡੀਜੀਪੀ (ਲਾਅ ਐਂਡ ਆਰਡਰ) ਗੁਰਿੰਦਰ ਸਿੰਘ ਢਿੱਲੋਂ ਨੇ ਸ਼ਾਮ ਸਮੇਂ ਐੱਸਪੀ ਦਫ਼ਤਰ ਵਿੱਚ ਕੀਤੀ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਮ੍ਰਿਤਕ ਦੀ ਸ਼ਨਾਖਤ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਗਲੇਰੀ ਜਾਂਚ ’ਚ ਜੇਕਰ ਕੋਈ ਹੋਰ ਤੱਥ ਸਾਹਮਣੇ ਆਏ ਤਾਂ ਕਾਰਵਾਈ ਕੀਤੀ ਜਾਵੇਗੀ।
ਚੰਦ ਪੈਸਿਆਂ ਲਈ ਗੁਰਦੁਆਰੇ ਵਿੱਚ ਹੋਇਆ ਸੀ ਦਾਖ਼ਲ
ਬੇਅਦਬੀ ਕਰਨ ਆਏ ਵਿਅਕਤੀ ਨੇ ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ ਇਕ ਵੀਡੀਓ ਵਿੱਚ ਗੁਰਦੁਆਰਾ ਪ੍ਰਬੰਧਕਾਂ ਕੋਲ ਮੰਨਿਆ ਸੀ ਕਿ ਉਹ ਸੁੱਖੀ ਨਾਂ ਦੇ ਵਿਅਕਤੀ ਦੇ ਕਹਿਣ ’ਤੇ ਗੁਰਦੁਆਰਾ ਸਾਹਿਬ ਵਿੱਚ ਦਾਖ਼ਲ ਹੋਇਆ ਹੈ ਤੇ ਉਸ ਨੂੰ ਕਰੀਬ 2-3 ਹਜ਼ਾਰ ਰੁਪਏ ਇਸ ਕੰਮ ਲਈ ਮਿਲਣੇ ਸਨ। ਸੋੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਸ ਵੀਡੀਓ ਵਿਚ ਵਿਅਕਤੀ ਨੇ ਕਬੂਲਿਆ ਕਿ ਉਸ ਨੂੰ ਬੇਅਦਬੀ ਤੇ ਗੁਰਦੁਆਰਾ ਸਾਹਿਬ ਅੰਦਰ ਮਾੜੀ ਭਾਸ਼ਾ ਲਿਖਣ ਬਾਰੇ ਕਿਹਾ ਗਿਆ ਸੀ।