ਪੱਤਰ ਪ੍ਰੇਰਕ
ਅਜੀਤਵਾਲ, 1 ਸਤੰਬਰ
ਥਾਣਾ ਅਜੀਤਵਾਲ ਅਧੀਨ ਪੈਂਦੇ ਪਿੰਡ ਚੂਹੜਚੱਕ ਵਿੱਚ ਅੱਜ ਇਕ 16 ਸਾਲਾ ਲੜਕੀ ਦੀ ਲਾਸ਼ ਛੱਪੜ ’ਚੋਂ ਮਿਲੀ। ਇਸ ਸਬੰਧੀ ਪੁਲੀਸ ਨੇ ਲੜਕੀ ਦੇ ਪਿਤਾ ਖ਼ਿਲਾਫ਼ ਹੀ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਲੜਕੀ ਦੇ ਪਿਤਾ ਸਰਵਣ ਸਿੰਘ ਨੇ ਪੁਲੀਸ ਨੂੰ ਸੂਚਿਤ ਕੀਤਾ ਸੀ ਕਿ ਉਸ ਦੀ ਲੜਕੀ ਅਮਨਦੀਪ ਕੌਰ ਬੀਤੀ ਰਾਤ ਤੋਂ ਲਾਪਤਾ ਹੈ। ਅੱਜ ਜਦੋਂ ਛੱਪੜ ’ਚੋਂ ਉਸ ਦੀ ਲਾਸ਼ ਮਿਲੀ ਤਾਂ ਪੁਲੀਸ ਨੇ ਜਾਂਚ ਮਗਰੋਂ ਉਸ ਦੇ ਪਿਤਾ ਸਰਵਣ ਸਿੰਘ ਖ਼ਿਲਾਫ਼ ਹੀ ਕੇਸ ਦਰਜ ਕਰ ਦਿੱਤਾ। ਅਜੀਤਵਾਲ ਦੇ ਥਾਣਾ ਮੁਖੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਲੜਕੀ ਦੇ ਪਿਤਾ ਨੇ ਹੀ ਅਣਖ ਦੀ ਖਾਤਰ ਆਪਣੀ ਧੀ ਦਾ ਕਤਲ ਕਰ ਦਿੱਤਾ ਅਤੇ ਲਾਸ਼ ਛੱਪੜ ਵਿੱਚ ਸੁੱਟ ਦਿੱਤੀ। ਉਸ ਦੀ ਲੜਕੀ ਅਮਨਦੀਪ ਕੌਰ ਦੀ ਦੋਸਤੀ ਪਿੰਡ ਦੇ ਹੀ ਕਿਸੇ ਲੜਕੇ ਨਾਲ ਸੀ। ਜਦੋਂ ਇਸ ਸਬੰਧੀ ਸਰਵਣ ਸਿੰਘ ਨੂੰ ਪਤਾ ਲੱਗਿਆ ਤਾਂ ਉਸ ਨੇ ਲੜਕੀ ਦਾ ਕਤਲ ਕਰ ਦਿੱਤਾ।