ਗੁਰਨਾਮ ਸਿੰਘ ਚੌਹਾਨ
ਪਾਤੜਾਂ, 2 ਜੁਲਾਈ
ਪਿੰਡ ਕਾਂਗਥਲਾ ਦੇ ਵਸਨੀਕ ਇੱਕ ਵਿਅਕਤੀ ਨੇ ਆਪਣੇ ਦੋ ਸਾਥੀਆਂ ਨਾਲ ਰਲ ਕੇ ਆਪਣੀ ਮਾਂ ਅਤੇ ਮਤਰੇਏ ਭਰਾ ਦਾ ਕਤਲ ਕਰ ਦਿੱਤਾ। ਮੁਲਜ਼ਮ ਦੀ ਪਛਾਣ ਗੁਰਵਿੰਦਰ ਸਿੰਘ ਉਰਫ਼ ਗਿੰਦੀ ਵਜੋਂ ਹੋਈ ਹੈ, ਜੋ ਨਸ਼ੇ ਕਰਨ ਦਾ ਆਦੀ ਸੀ। ਪਿੰਡ ਕਾਂਗਥਲਾ ਵਿੱਚ ਹੀ ਰਹਿੰਦੇ ਪਰਮਜੀਤ ਦੇ ਚਚੇਰੇ ਭਰਾ ਭਗਵਾਨ ਦਾਸ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਇਆ ਹੈ ਕਿ ਗੁਰਵਿੰਦਰ ਅਕਸਰ ਆਪਣੀ ਮਾਂ ਤੋਂ ਪੈਸੇ ਮੰਗਦਾ ਸੀ ਤੇ ਇਸ ਪਿੱਛੇ ਕਈ ਵਾਰ ਪਰਮਜੀਤ ਕੌਰ ਅਤੇ ਆਪਣੇ ਮਤਰੇਏ ਭਰਾ ਜਸਵਿੰਦਰ ਸਿੰਘ ਉਰਫ਼ ਜੋਧਾ ਨਾਲ ਲੜਾਈ ਵੀ ਕਰ ਚੁੱਕਿਆ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਪਰਮਜੀਤ ਦੇ ਗੁਆਂਢੀ ਨੇ ਫੋਨ ਕਰ ਕੇ ਉਸ ਨੂੰ ਦੱਸਿਆ ਸੀ ਕਿ ਪਰਮਜੀਤ ਦੇ ਘਰ ਵਿੱਚ ਕੁਝ ਸੜ ਰਿਹਾ ਹੈ, ਇਸ ਮਗਰੋਂ ਜਦੋਂ ਉਹ ਕੁਝ ਹੋਰ ਵਿਅਕਤੀਆਂ ਨੂੰ ਨਾਲ ਲੈ ਕੇ ਉਸ ਦੇ ਘਰ ਪੁੱਜਿਆ ਤਾਂ ਉਸ ਦਾ ਭਾਣਜਾ ਗੁਰਵਿੰਦਰ ਤੇ ਉਸ ਦੇ ਦੋ ਦੋਸਤ ਉਨ੍ਹਾਂ ਨੂੰ ਦੇਖ ਕੇ ਘਰੋਂ ਭੱਜ ਗਏ। ਭਗਵਾਨ ਦਾਸ ਨੇ ਦੱਸਿਆ ਕਿ ਘਰ ਵਿੱਚ ਖੂਨ ਦੇ ਧੱਬੇ ਪਏ ਹੋਏ ਸਨ।
ਥਾਣਾ ਸ਼ੁਤਰਾਣਾ ਮੁਖੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਹੈ ਕਿ ਗੁਰਵਿੰਦਰ ਨੇ ਆਪਣੀ ਮਾਂ ਦਾ ਕਤਲ ਕਰ ਕੇ ਉਸ ਦੀ ਲਾਸ਼ ਦੇ ਟੁਕੜੇ-ਟੁਕੜੇ ਕਰ ਦਿੱਤੇ ਅਤੇ ਘਰ ਵਿੱਚ ਹੀ ਤੇਲ ਪਾ ਕੇ ਉਨ੍ਹਾਂ ਨੂੰ ਸਾੜ ਦਿੱਤਾ। ਉਨ੍ਹਾਂ ਸੰਭਾਵਨਾ ਜਤਾਈ ਕਿ ਮੌਕੇ ’ਤੇ ਛੋਟੇ ਭਰਾ ਜਸਵਿੰਦਰ ਦੇ ਆ ਜਾਣ ਕਾਰਨ ਉਨ੍ਹਾਂ ਉਸ ਦਾ ਵੀ ਕਤਲ ਕਰ ਦਿੱਤਾ ਅਤੇ ਲਾਸ਼ ਕਾਰ ਵਿੱਚ ਪਾ ਕੇ ਖਨੌਰੀ ਨੇੜੇ ਡਰੇਨ ਵਿੱਚ ਸੁੱਟ ਦਿੱਤੀ। ਇਸ ਸਬੰਧੀ ਗੁਰਵਿੰਦਰ ਸਿੰਘ ਉਰਫ ਗਿੰਦੀ, ਰਾਜਿੰਦਰ ਸਿੰਘ ਰਾਜਾ ਤੇ ਰਣਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਆਰੰਭ ਦਿੱਤੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੁਲੀਸ ਨੇ ਵਾਰਦਾਤ ਸਮੇਂ ਵਰਤੇ ਹਥਿਆਰ, ਸੱਬਲ, ਪਰਮਜੀਤ ਕੌਰ ਦਾ ਸੜਿਆ ਹੋਇਆ ਪਿੰਜਰ ਅਤੇ ਜਸਵਿੰਦਰ ਦੀ ਲਾਸ਼ ਸੁੱਟਣ ਲਈ ਵਰਤੀ ਕਾਰ ਵੀ ਬਰਾਮਦ ਕਰ ਲਈ ਹੈ। ਇਸ ਤੋਂ ਬਿਨਾਂ ਘਰ ਵਿੱਚੋਂ ਜ਼ਰੂਰੀ ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜ ਦਿੱਤੇ ਗਏ ਹਨ।
ਪਿੰਡ ਵਾਸੀਆਂ ਨੇ ਦੱਸਿਆ ਕਿ ਪਰਮਜੀਤ ਕੌਰ ਸਮਾਣਾ ਨੇੜੇ ਪਿੰਡ ਅਸਮਾਨਪੁਰ ਦੇ ਵਸਨੀਕ ਜਾਨਪਾਲ ਸਿੰਘ ਨਾਲ ਵਿਆਹੀ ਸੀ, ਜਿਥੇ ਗੁਰਵਿੰਦਰ ਸਿੰਘ ਪੈਦਾ ਹੋਇਆ ਸੀ। ਜਾਨਪਾਲ ਸਿੰਘ ਜਰਮਨ ਚਲਾ ਗਿਆ ਤੇ ਵਾਪਸ ਨਾ ਆਇਆ। ਇਸ ਮਗਰੌਂ ਲਗਪਗ 30 ਸਾਲ ਪਹਿਲਾਂ ਪਰਮਜੀਤ ਦਾ ਦੂਜਾ ਵਿਆਹ ਰਘਬੀਰ ਸਿੰਘ ਵਾਸੀ ਦੁਤਾਲ ਨਾਲ ਕਰਵਾਇਆ ਗਿਆ, ਜਿਸ ਮਗਰੋਂ ਜਸਵਿੰਦਰ ਸਿੰਘ ਪੈਦਾ ਹੋਇਆ। 2008 ਵਿੱਚ ਰਘਬੀਰ ਸਿੰਘ ਦੁਤਾਲ ਤੋਂ ਜ਼ਮੀਨ ਵੇਚ ਕੇ ਪਿੰਡ ਕਾਂਗਥਲਾ ਆ ਗਿਆ ਸੀ। ਕੁਝ ਸਾਲ ਪਹਿਲਾਂ ਰਘਬੀਰ ਸਿੰਘ ਦੀ ਮੌਤ ਹੋ ਚੁੱਕੀ ਹੈ, ਜਿਸ ਮਗਰੋਂ ਤਿੰਨੇ ਮਾਂ-ਪੁੱਤ ਘਰ ਵਿੱਚ ਰਹਿੰਦੇ ਸਨ।