ਜੋਗਿੰਦਰ ਸਿੰਘ ਮਾਨ
ਮਾਨਸਾ, 8 ਜੁਲਾਈ
ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਲਗਪਗ 40 ਦਿਨਾਂ ਬਾਅਦ ਵੀ ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਦੇ ਹੱਥ ਹਾਲੇ ਵੀ ਪੰਜਾਬ ਦੇ ਸ਼ੂਟਰ ਜਗਰੂਪ ਸਿੰਘ ਰੂਪਾ ਤੇ ਮਨਪ੍ਰੀਤ ਸਿੰਘ ਮੰਨੂ ਨਹੀਂ ਲੱਗੇ ਹਨ। ਉਨ੍ਹਾਂ ਨੂੰ ਲੱਭਣ ਲਈ ਸਿਟ ਛਾਪੇ ਮਾਰ ਰਹੀ ਹੈ। ਕਤਲ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਜਗਦੀਪ ਸਿੰਘ ਉਰਫ਼ ਜੱਗੂ ਭਗਵਾਨਪੁਰੀਆ ਕੋੋਲੋਂ ਪੁੱਛਗਿਛ ਕਰਨ ਮਗਰੋਂ ਪੰਜਾਬ ਪੁਲੀਸ ਮੰਨੂ ਅਤੇ ਰੂਪਾ ਦਾ ਸੁਰਾਗ ਲੱਭਣ ਲਈ ਜੱਦੋਜਹਿਦ ਕਰ ਰਹੀ ਹੈ। ਪੰਜਾਬ ਤੇ ਦਿੱਲੀ ਪੁਲੀਸ ਵੀ ਹੁਣ ਤੱਕ ਅਪਰਾਧ ਵਿੱਚ ਵਰਤੇ ਗਏ ਹਥਿਆਰ ਬਰਾਮਦ ਕਰਨ ਵਿੱਚ ਨਾਕਾਮ ਰਹੀ ਹੈ। ਪੁਲੀਸ ਵੱਲੋਂ ਮੁਲਜ਼ਮਾਂ ਦੇ ਹਰ ਸੰਭਵ ਟਿਕਾਣੇ ’ਤੇ ਛਾਪੇ ਜਾਰੀ ਹਨ। ਪੁਲੀਸ ਨੇ ਛੇ ਸ਼ੂਟਰਾਂ ਦੀ ਸ਼ਨਾਖਤ ਕੀਤੀ ਹੈ ਅਤੇ ਦਾਅਵਾ ਕੀਤਾ ਹੈ ਕਿ ਦੋ ਸੂਬਿਆਂ ਦੇ ਸ਼ੂਟਰ ਇਸ ਕਤਲ ਵਿੱਚ ਸ਼ਾਮਲ ਸਨ, ਜੋ ਕੈਨੇਡਾ ਬੈਠੇ ਗੋਲਡੀ ਬਰਾੜ ਦੇ ਸਿੱਧੇ ਸੰਪਰਕ ਵਿੱਚ ਸਨ। ਦਿੱਲੀ ਪੁਲੀਸ ਨੇ ਹਰਿਆਣਾ ਦੇ ਤਿੰਨ ਨਿਸ਼ਾਨੇਬਾਜ਼ਾਂ ਪ੍ਰਿਆਵਰਤ ਫੌਜੀ, ਕਸ਼ਿਸ਼ ਉਰਫ਼ ਕੁਲਦੀਪ ਅਤੇ ਅੰਕਿਤ ਸਿਰਸਾ ਨੂੰ ਗ੍ਰਿਫ਼ਤਾਰ ਕੀਤਾ ਹੈ। ਹਰਿਆਣਾ ਦਾ ਦੀਪਕ ਮੁੰਡੀ, ਪੰਜਾਬ ਦਾ ਮੰਨੂ ਅਤੇ ਰੂਪਾ ਹਾਲੇ ਤੱਕ ਫਰਾਰ ਹਨ। ਇਸ ਘਟਨਾਕ੍ਰਮ ਬਾਰੇ ਜਾਣਕਾਰੀ ਰੱਖਣ ਵਾਲੇ ਇੱਕ ਅਧਿਕਾਰੀ ਨੇ ਦੱਸਿਆ ਕਿ ਸਿਟ ਨੂੰ ਮੰਨੂ ਅਤੇ ਰੂਪਾ ਬਾਰੇ ਬਹੁਤ ਹੀ ਸੀਮਿਤ ਜਾਣਕਾਰੀ ਪ੍ਰਾਪਤ ਹੋਈ ਹੈ। ਇਸ ਦੌਰਾਨ ਦਿੱਲੀ ਪੁਲੀਸ ਨੇ ਵੀ ਮੰਨੂ ਅਤੇ ਰੂਪਾ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ, ਜਦਕਿ ਉਹ ਗੁਜਰਾਤ ਵਿੱਚ ਪ੍ਰਿਆਵਰਤ ਅਤੇ ਕਸ਼ਿਸ਼ ਨੂੰ ਲੱਭਣ ਵਿੱਚ ਸਫ਼ਲ ਰਹੇ ਸਨ। ਦਿੱਲੀ ਪੁਲੀਸ ਨੇ ਹਰਿਆਣਾ ਦੇ ਸ਼ੂਟਰਾਂ ਵੱਲੋਂ ਛੁਪਣਗਾਹ ਵਜੋਂ ਵਰਤੇ ਜਾਣ ਵਾਲੇ ਸਾਰੇ ਸੰਭਵ ਟਿਕਾਣਿਆਂ ਦਾ ਖੁਲਾਸਾ ਕੀਤਾ ਹੈ, ਜਿਨ੍ਹਾਂ ਦੀ ਜਾਂਚ ਕੀਤੀ ਗਈ ਹੈ।