ਜੋਗਿੰਦਰ ਸਿੰਘ ਮਾਨ
ਮਾਨਸਾ, 1 ਜੂਨ
ਮੁੱਖ ਅੰਸ਼
- ਮਾਨਸਾ ਪੁਲੀਸ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਛੇਤੀ ਪ੍ਰੋਡਕਸ਼ਨ ਵਾਰੰਟ ’ਤੇ ਪੰਜਾਬ ਲਿਆਵੇਗੀ
ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਮਾਨਸਾ ਪੁਲੀਸ ਨੇ ਅੱਜ ਦੋ ਮਸ਼ਕੂਕਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਹੈ ਜਦੋਂਕਿ ਇਸ ਮਾਮਲੇ ਵਿੱਚ ਪਹਿਲਾਂ ਗ੍ਰਿਫ਼ਤਾਰ ਮਨਪ੍ਰੀਤ ਭਾਊ ਤੋਂ ਰਿਮਾਂਡ ਤਹਿਤ ਪੁੱਛਗਿੱਛ ਜਾਰੀ ਹੈ। ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦੇ ਮਸ਼ਕੂਕਾਂ ਵਿੱਚ ਮਨਪ੍ਰੀਤ ਮੰਨਾ ਤੇੇ ਸਰਾਜ ਸੰਧੂ ਸ਼ਾਮਲ ਹਨ, ਜਿਨ੍ਹਾਂ ਨੂੰ ਅੱਜ ਕ੍ਰਮਵਾਰ ਫਿਰੋਜ਼ਪੁਰ ਤੇ ਬਠਿੰਡਾ ਕੇਂਦਰੀ ਜੇਲ੍ਹਾਂ ਤੋਂ ਇਥੇ ਲਿਆਂਦਾ ਗਿਆ ਹੈ। ਇਸ ਦੌਰਾਨ ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ ਨੇ ਤਿਹਾੜ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਆਉਂਦੇ ਦਿਨਾਂ ਵਿੱਚ ਪ੍ਰੋਡਕਸ਼ਨ ਵਾਰੰਟ ’ਤੇ ਪੰਜਾਬ ਲਿਆਉਣ ਦਾ ਦਾਅਵਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਬਿਸ਼ਨੋਈ ਤੋਂ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਪੁੱਛਗਿੱਛ ਕੀਤੀ ਜਾਵੇਗੀ। ਉਧਰ ਮਾਮਲੇ ਦੀ ਤਹਿ ਤੱਕ ਜਾਣ ਲਈ ਪੁਲੀਸ ਨੇ ਟੀਮਾਂ ਬਣਾ ਕੇ ਪੰਜਾਬ ਦੇ ਵੱਖ ਵੱਖ ਹਿੱਸਿਆਂ, ਹਰਿਆਣਾ, ਰਾਜਸਥਾਨ ਤੇ ਉਤਰਾਖੰਡ ਵੱਲ ਰਵਾਨਾ ਕੀਤੀਆਂ ਹੋਈਆਂ ਹਨ। ਪੁਲੀਸ ਨੂੰ ਜਲਦੀ ਹੀ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮ ਹੱਥ ਲੱਗਣ ਦੀ ਆਸ ਹੈ। ਜਾਣਕਾਰੀ ਅਨੁਸਾਰ ਮਾਨਸਾ ਪੁਲੀਸ ਨੇ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਅੱਜ ਫਿਰੋਜ਼ਪੁਰ ਜੇਲ੍ਹ ਤੋਂ ਮਨਪ੍ਰੀਤ ਮੰਨਾ ਅਤੇ ਬਠਿੰਡਾ ਜੇਲ੍ਹ ਤੋਂ ਸਰਾਜ ਸੰਧੂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਹੈ। ਉੱਤਰਾਖੰਡ ਦੇ ਦੇਹਰਾਦੂਨ ਤੋਂ ਕਾਬੂ ਕੀਤਾ ਮਨਪ੍ਰੀਤ ਸਿੰਘ ਭਾਊ ਪਹਿਲਾਂ ਹੀ ਮਾਨਸਾ ਪੁਲੀਸ ਦੀ ਗ੍ਰਿਫ਼ਤ ਵਿੱਚ ਹੈ। ਪੁਲੀਸ ਵੱਲੋਂ ਅਦਾਲਤੀ ਰਿਮਾਂਡ ਤਹਿਤ ਉਸ ਤੋਂ ਪਹਿਲਾਂ ਹੀ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ। ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਮਾਨਸਾ ਪੁਲੀਸ ਨੇ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਤਿੰਨ ਵਿਅਕਤੀਆਂ ਨੂੰ ਫੜ ਕੇ ਲਿਆਂਦਾ ਹੈ, ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਕਤਲ ਕਾਂਡ ਵਿੱਚ ਸ਼ਾਮਲ ਗੈਂਗਸਟਰ ਲਾਰੈਂਸ ਬਿਸ਼ਨੋਈ, ਜੋ ਇਸ ਸਮੇਂ ਦਿੱਲੀ ਪੁਲੀਸ ਕੋਲ ਪ੍ਰੋਡਕਸ਼ਨ ਵਾਰੰਟ ’ਤੇ ਹੈ, ਨੂੰ ਮਾਨਸਾ ਪੁਲੀਸ ਪ੍ਰੋਡਕਸ਼ਨ ਵਾਰੰਟ ’ਤੇ ਪੁੱਛਗਿੱਛ ਲਈ ਪੰਜਾਬ ਲਿਆਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਮਾਨਸਾ ਪੁਲੀਸ ਲਗਾਤਾਰ ਟੀਮਾਂ ਬਣਾ ਕੇ ਕੰਮ ਕਰ ਰਹੀ ਹੈ ਅਤੇ ਜਲਦੀ ਹੀ ਸਾਰੇ ਦੋਸ਼ੀਆਂ ਨੂੰ ਕਾਬੂ ਕਰ ਲਵੇਗੀ। ‘ਆਪ’ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਅਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਗੈਂਗਸਟਰਾਂ ਨੂੰ ਸੱਦਾ ਦਿੱਤਾ ਕਿ ਉਹ ਆਤਮ-ਸਮਰਪਣ ਕਰਨ ਤੇ ਭਰਾ ਮਾਰੂ ਖੂਨੀ ਜੰਗ ਬੰਦ ਕਰਨ, ਪੰਜਾਬ ਸਰਕਾਰ ਉਨ੍ਹਾਂ ਨਾਲ ਹਮਦਰਦੀ ਨਾਲ ਪੇਸ਼ ਆਵੇਗੀ।
ਗਾਇਕ ਦੇ ਘਰ ਅਤੇ ਆਲੇ-ਦੁਆਲੇ ਸਖ਼ਤ ਸੁਰੱਖਿਆ ਪ੍ਰਬੰਧ
ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਅੱਜ ਉਸ ਦੇ ਫੁੱਲ ਚੁੱਗਣ ਦੀ ਰਸਮ ਸਖ਼ਤ ਪੁਲੀਸ ਸੁਰੱਖਿਆ ਹੇਠ ਨਿਭਾਈ ਗਈ। ਉਸ ਦੇ ਘਰ ਅਤੇ ਆਲੇ-ਦੁਆਲੇ ਪੁਲੀਸ ਦਾ ਸਖ਼ਤ ਪਹਿਰਾ ਅਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਸਨ। ਹਰ ਆਉਣ-ਜਾਣ ਵਾਲੇ ਵਿਅਕਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਆਲੇ-ਦੁਆਲੇ ਕੈਮਰੇ ਲਗਾਏ ਗਏ ਸਨ।
ਬਵਾਨਾ ਗੈਂਗ ਵਲੋਂ ਬਦਲਾ ਲੈਣ ਦੀ ਧਮਕੀ
ਚੰਡੀਗੜ੍ਹ (ਟਨਸ): ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਗਾਇਕ ਸਿੱਧੂ ਮੂਸੇਵਾਲਾ ਦਾ ਕਥਿਤ ਕਤਲ ਕੀਤੇ ਜਾਣ ਮਗਰੋਂ ਇਕ ਹੋਰ ਰਵਾਇਤੀ ਗੈਂਗ ਨੇ ਗਾਇਕ ਦੀ ਮੌਤ ਦਾ ਬਦਲਾ ਲੈਣ ਦੀ ਧਮਕੀ ਦਿੱਤੀ ਹੈ। ਨੀਰਜ ਬਵਾਨਾ ਗੈਂਗ ਨੇ ਫੇਸਬੁੱਕ ਪੋਸਟ ਰਾਹੀਂ ਜਵਾਬੀ ਹਮਲੇ ਦੀ ਚੇਤਾਵਨੀ ਦਿੰਦਿਆਂ ਕਿਹਾ ਕਿ ‘ਦੋ ਦਿਨਾਂ ਵਿੱਚ ਨਤੀਜੇ ਦੇਵਾਂਗੇ।’ ਬਵਾਨਾ ਇਸ ਵੇਲੇ ਤਿਹਾੜ ਜੇਲ੍ਹ ਵਿੱਚ ਬੰਦ ਹੈ ਤੇ ਉਹ ਪਹਿਲਾਂ ਵੀ ਕਈ ਵਾਰਦਾਤਾਂ ਵਿੱਚ ਸ਼ਾਮਲ ਰਿਹਾ ਹੈ। ਉਸ ਖਿਲਾਫ਼ ਕਤਲ ਤੇ ਫਿਰੌਤੀ ਦੇ ਕਈ ਕੇਸ ਚੱਲ ਰਹੇ ਹਨ। ਬਵਾਨਾ ਦੀ ਪੋਸਟ ਜਿਸ ਫੇਸਬੁੱਕ ਖਾਤੇ ਤੋਂ ਆਈ ਹੈ, ਉਸ ਦੀ ਪੁਸ਼ਟੀ ਨਹੀਂ ਹੋ ਸਕੀ। ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਿੱਧੂ ਮੂਸੇਵਾਲਾ ਦਾ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ ਨਾਲ ਕੋਈ ਸਬੰਧ ਨਹੀਂ ਸੀ ਤੇ ਗਾਇਕ ਦੇ ਕਤਲ ਵਿੱਚ ਸ਼ਾਮਲ ਹਰੇਕ ਤੋਂ ਜਲਦੀ ਹੀ ਹਿਸਾਬ ਲਿਆ ਜਾਵੇਗਾ।
ਲਾਰੈਂਸ ਬਿਸ਼ਨੋਈ ਵੱਲੋਂ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਖ਼
ਚੰਡੀਗੜ੍ਹ/ਨਵੀਂ ਦਿੱਲੀ(ਟਨਸ/ਪੱਤਰ ਪ੍ਰੇਰਕ): ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਆਪਣੀ ਜਾਨ ਨੂੰ ਖਤਰੇ ਦਾ ਹਵਾਲਾ ਦਿੰਦੇ ਹੋਏ ਉਸ ਨੂੰ ਪੰਜਾਬ ਪੁਲੀਸ ਹਵਾਲੇ ਨਾ ਕਰਨ ਤੇ ਵਧੇਰੇ ਸੁਰੱਖਿਆ ਮੁਹੱਈਆ ਕਰਵਾਉਣ ਦੀ ਮੰਗ ਵਾਲੀ ਪਟੀਸ਼ਨ ਅੱਜ ਦਿੱਲੀ ਹਾਈ ਕੋਰਟ ਤੋਂ ਵਾਪਸ ਲੈਣ ਮਗਰੋਂ ਪੰਜਾਬ ਤੇ ਹਰਿਆਣਾ ਕੋਰਟ ਦਾ ਰੁਖ਼ ਕੀਤਾ ਹੈ। ਗੈਂਗਸਟਰ ਬਿਸ਼ਨੋਈ ਨੇ ਪਟੀਸ਼ਨ ਵਿੱਚ ਦਾਅਵਾ ਕੀਤਾ ਸੀ ਕਿ ਉਸ ਨੂੰ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਝੂਠਾ ਫਸਾਇਆ ਜਾ ਰਿਹਾ ਹੈ। ਦਿੱਲੀ ਪੁਲੀਸ ਨੇ ਲੰਘੇ ਦਿਨ ਉਸ ਤੋਂ ਇਸ ਮਾਮਲੇ ਵਿੱਚ ਪੁੱਛ-ਪੜਤਾਲ ਕੀਤੀ ਸੀ। ਬਿਸ਼ਨੋਈ ਦਾ ਕਹਿਣਾ ਹੈ ਕਿ ਪੰਜਾਬ ਪੁਲੀਸ ਉਸ ਨੂੰ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰ ਸਕਦੀ ਹੈ। ਬਿਸ਼ਨੋਈ ਨੇ ਮੰਗ ਕੀਤੀ ਕਿ ਉਸ ਨੂੰ ਪ੍ਰੋਡਕਸ਼ਨ ਵਾਰੰਟ ਅਤੇ ਟਰਾਂਜ਼ਿਟ ਰਿਮਾਂਡ ’ਤੇ ਪੰਜਾਬ ਪੁਲੀਸ ਹਵਾਲੇ ਕਰਨ ਮੌਕੇ ਉਸ ਨੂੰ ਹੱਥਕੜੀ ਤੇ ਬੇੜੀਆਂ ਲਾਈਆਂ ਜਾਣ ਤੇ ਇਸ ਪੂਰੇ ਟਰਾਂਜ਼ਿਟ ਅਮਲ ਦੀ ਵੀਡੀਓਗ੍ਰਾਫੀ ਕੀਤੀ ਜਾਵੇ। ਗੈਂਗਸਟਰ ਨੇ ਇਹ ਮੰਗ ਵੀ ਕੀਤੀ ਕਿ ਕੇਂਦਰੀ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਜਾਵੇ ਕਿ ਉਸ ਨੂੰ ਕਿਸੇ ਹੋਰ ਰਾਜ ਦੀ ਪੁਲੀਸ ਹਵਾਲੇ ਕਰਨ ਤੋਂ ਪਹਿਲਾਂ ਉਹਦੇ ਵਕੀਲਾਂ ਨੂੰ ਸੂਚਿਤ ਕੀਤਾ ਜਾਵੇ। ਇਹ ਪਟੀਸ਼ਨ ਦਿੱਲੀ ਹਾਈ ਕੋਰਟ ਦੇ ਜਸਟਿਸ ਸਵਰਨ ਕਾਂਤਾ ਸ਼ਰਮਾ ਦੇ ਬੈਂਚ ਕੋਲ ਸੂਚੀਬੱਧ ਸੀ, ਜਿਸ ਨੂੰ ਹੁਣ ਅਦਾਲਤ ਨੇ ਵਾਪਸੀ ਲਈ ਮੰਨ ਕੇ ਰੱਦ ਕਰ ਦਿੱਤਾ ਹੈ।
ਵਿਸ਼ੇਸ਼ ਜਾਂਚ ਟੀਮ ਵਿੱਚ ਤਿੰਨ ਹੋਰ ਮੈਂਬਰ ਸ਼ਾਮਲ
ਚੰਡੀਗੜ੍ਹ (ਟਨਸ): ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜਾਂਚ ਨੂੰ ਹੋਰ ਤੇਜ਼ ਕਰਨ ਲਈ ਪੰਜਾਬ ਦੇ ਡੀਜੀਪੀ ਵੀ.ਕੇ. ਭਾਵਰਾ ਨੇ ਏਡੀਜੀਪੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਪ੍ਰਮੋਦ ਬਾਨ ਦੀ ਨਿਗਰਾਨੀ ਹੇਠ ਬਣਾਈ ਵਿਸ਼ੇਸ਼ ਜਾਂਚ ਟੀਮ (ਸਿਟ) ਵਿੱਚ ਤਿੰਨ ਹੋਰ ਮੈਂਬਰਾਂ ਨੂੰ ਸ਼ਾਮਲ ਕੀਤਾ ਹੈ। ਹੁਣ ਛੇ ਮੈਂਬਰੀ ‘ਸਿਟ’ ਵਿੱਚ ਨਵੇਂ ਚੇਅਰਮੈਨ ਵਜੋਂ ਇੰਸਪੈਕਟਰ ਜਨਰਲ ਆਫ ਪੁਲੀਸ (ਆਈਜੀਪੀ) ਜਸਕਰਨ ਸਿੰਘ ਅਤੇ ਦੋ ਨਵੇਂ ਮੈਂਬਰਾਂ ਵਜੋਂ ਏਆਈਜੀ ਗੁਰਮੀਤ ਸਿੰਘ ਚੌਹਾਨ ਅਤੇ ਐੱਸਐੱਸਪੀ (ਮਾਨਸਾ) ਗੌਰਵ ਤੂਰਾ ਨੂੰ ਸ਼ਾਮਲ ਕੀਤਾ ਹੈ। ਐੱਸਪੀ ਇਨਵੈਸਟੀਗੇਸ਼ਨ (ਮਾਨਸਾ) ਧਰਮਵੀਰ ਸਿੰਘ, ਡੀਐੱਸਪੀ ਇਨਵੈਸਟੀਗੇਸ਼ਨ (ਬਠਿੰਡਾ) ਵਿਸ਼ਵਜੀਤ ਸਿੰਘ ਅਤੇ ਇੰਚਾਰਜ ਸੀਆਈਏ (ਮਾਨਸਾ) ਪ੍ਰਿਥੀਪਾਲ ਸਿੰਘ ‘ਸਿਟ’ ਦੇ ਮੌਜੂਦਾ ਤਿੰਨ ਮੈਂਬਰ ਹਨ। ਡੀਜੀਪੀ ਨੇ ਕਿਹਾ ਕਿ ਵਿਸ਼ੇਸ਼ ਜਾਂਚ ਟੀਮ ਨਿਯਮਤ ਆਧਾਰ ’ਤੇ ਜਾਂਚ ਕਰਨ ਤੋਂ ਇਲਾਵਾ ਇਸ ਘਿਣਾਉਣੇ ਅਪਰਾਧ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰੇਗੀ ਅਤੇ ਜਾਂਚ ਪੂਰੀ ਹੋਣ ’ਤੇ ਸੀਆਰਪੀਸੀ ਦੀ ਧਾਰਾ 173 ਤਹਿਤ ਪੁਲੀਸ ਰਿਪੋਰਟ ਅਧਿਕਾਰ ਖੇਤਰ ਦੀ ਸਮਰੱਥ ਅਦਾਲਤ ਵਿੱਚ ਪੇਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋੜ ਪੈਣ ’ਤੇ ‘ਸਿਟ’ ਕਿਸੇ ਹੋਰ ਪੁਲੀਸ ਅਧਿਕਾਰੀ ਦੀ ਚੋਣ ਕਰ ਸਕਦੀ ਹੈ ਅਤੇ ਡੀਜੀਪੀ ਦੀ ਪ੍ਰਵਾਨਗੀ ਨਾਲ ਕਿਸੇ ਵੀ ਮਾਹਿਰ/ਅਧਿਕਾਰੀ ਦੀ ਸਹਾਇਤਾ ਲੈ ਸਕਦੀ ਹੈ।