ਬੇਅੰਤ ਸਿੰਘ ਸੰਧੂ
ਪੱਟੀ, 6 ਜੂਨ
ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਵਿੱਚ ਪੱਟੀ ਹਲਕੇ ਨਾਲ ਸਬੰਧਤ ਇੱਕ ਨੌਜਵਾਨ ਜਗਰੂਪ ਸਿੰਘ ਉਰਫ ਰੂਪਾ ਵਾਸੀ ਜੋੜਾ ਪੁਲੀਸ ਥਾਣਾ ਸਰਹਾਲੀ ਦਾ ਨਾਮ ਜਨਤਕ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਜਗਰੂਪ ਸਿੰਘ ਵਾਸੀ ਜੋੜਾ ਦੇ ਘਰ ਥਾਣਾ ਸਰਹਾਲੀ ਦੀ ਪੁਲੀਸ ਨੇ ਅੱਜ ਪਹਿਲੀ ਵਾਰ ਪਹੁੰਚ ਕੀਤੀ ਹੈ ਪਰ ਘਰ ਵਿੱਚ ਕੋਈ ਨਹੀਂ ਮਿਲਿਆ। ਪੁਲੀਸ ਸੂਤਰਾਂ ਅਨੁਸਾਰ ਮੁਲਜ਼ਮ ਖ਼ਿਲਾਫ਼ ਵੱਖ ਵੱਖ ਥਾਣਿਆਂ ਵਿੱਚ ਚੋਰੀ, ਲੁੱਟ-ਖੋਹ, ਡਕੈਤੀ ਅਤੇ ਨਾਜਾਇਜ਼ ਅਸਲਾ ਰੱਖਣ ਦੇ ਦੋਸ਼ ਹੇਠ ਅੱਧੀ ਦਰਜਨ ਤੋਂ ਵੱਧ ਕੇਸ ਦਰਜ ਹਨ। ਮੁਲਜ਼ਮ ਜਗਰੂਪ ਸਿੰਘ ਦੋ-ਤਿੰਨ ਏਕੜ ਵਾਲੇ ਸਾਧਾਰਨ ਜ਼ਿਮੀਦਾਰ ਪਰਿਵਾਰ ਨਾਲ ਸਬੰਧਤ ਹੈ। ਇਲਾਕਾ ਵਾਸੀਆਂ ਨੇ ਦੱਸਿਆ ਕਿ ਜਗਰੂਪ ਸਿੰਘ ਦਾ ਪਿਤਾ ਬਲਜਿੰਦਰ ਸਿੰਘ ਕਿਸੇ ਸੜਕ ਹਾਦਸੇ ਕਾਰਨ ਜੇਲ੍ਹ ਵਿੱਚ ਬੰਦ ਰਿਹਾ, ਜਿਸ ਕਾਰਨ ਸੱਤ-ਅੱਠ ਸਾਲ ਪਹਿਲਾਂ ਮੁਲਜ਼ਮ ਨਸ਼ੇ ਦਾ ਆਦੀ ਬਣ ਗਿਆ ਤੇ ਮਾਂ-ਬਾਪ ਦੇ ਕਹਿਣ ਤੋਂ ਬਾਹਰ ਹੋਣ ਕਰਕੇ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇਣ ਲੱਗਿਆ ਤੇ ਉਹ ਕਦੇ-ਕਦਾਈਂ ਘਰ ਆਉਂਦਾ ਸੀ।
ਮੂਸਾਐਹਲੀ ਤੋਂ ਦਵਿੰਦਰ ਸਿੰਘ ਨੂੰ ਹਿਰਾਸਤ ਵਿੱਚ ਲਿਆ
ਟੋਹਾਣਾ (ਗੁਰਦੀਪ ਸਿੰਘ ਭੱਟੀ): ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਸਬੰਧੀ ਦੋ ਹਮਲਾਵਰਾਂ ਨੂੰ ਪਨਾਹ ਦੇਣ ਦੇ ਦੋਸ਼ ਹੇਠ ਪੰਜਾਬ ਪੁਲੀਸ ਨੇ ਇੱਥੋਂ ਦੇ ਪਿੰਡ ਮੂਸਾਐਹਲੀ ਦੇ ਦਵਿੰਦਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲੀਸ ਨੇ ਉਸ ਦੇ ਘਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਘੋਖਣੀ ਸ਼ੁਰੂ ਕਰ ਦਿੱਤੀ ਹੈ। ਦਵਿੰਦਰ ਸਿੰਘ ਦੇ ਵੱਡੇ ਪੁੱਤ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਉਸ ਦਾ ਪਿਤਾ ਸਾਲ 2012 ਵਿੱਚ ਐੱਨਡੀਪੀਐੱਸ ਕੇਸ ਸਬੰਧੀ ਫਿਰੋਜ਼ਪੁਰ ਜੇਲ੍ਹ ਵਿੱਚ ਬੰਦ ਸੀ, ਜਿੱਥੇ ਉਸ ਦੀ ਬੈਰਕ ਵਿੱਚ ਕੇਸ਼ਵ ਨਾਂ ਦਾ ਵਿਅਕਤੀ ਵੀ ਸੀ। ਲੜਕੇ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਚਰਨਜੀਤ ਅਤੇ ਕੇਸ਼ਵ ਉਨ੍ਹਾਂ ਦੇ ਘਰ ਆਏ ਤੇ ਚਾਹ-ਪਾਣੀ ਪੀਣ ਮਗਰੋਂ ਚਲੇ ਗਏ। ਲੜਕੇ ਅਨੁਸਾਰ ਉਨ੍ਹਾਂ ਦਾ ਪਰਿਵਾਰ ਹਮਲਾਵਰ ਚਰਨਜੀਤ ਅਤੇ ਕੇਸ਼ਵ ਨਾਲ ਹੋਈ ਮੁਲਾਕਾਤ ਤੋਂ ਮੁੱਕਰਦਾ ਨਹੀਂ ਪਰ ਉਨ੍ਹਾਂ ਦਾ ਗਾਇਕ ਸਿੱਧੂ ਮੁੂਸੇਵਾਲਾ ਦੇ ਕਤਲ ਨਾਲ ਕੋਈ ਸਬੰਧ ਨਹੀਂ ਹੈ। ਪਰਿਵਾਰ ਨੇ ਕਿਹਾ ਕਿ ਉਹ ਜਾਂਚ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਤਿਆਰ ਹਨ ਪਰ ਦਵਿੰਦਰ ਸਿੰਘ ਨੂੰ ਰਿਹਾਅ ਕੀਤਾ ਜਾਵੇ।