ਜੁਪਿੰਦਰਜੀਤ ਸਿੰਘ
ਚੰਡੀਗੜ੍ਹ, 12 ਜੁਲਾਈ
ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਗਾਇਕ-ਗੀਤਕਾਰ ਦੀ ਹੱਤਿਆ ਲਈ ਇਕ ਏਕੇ-47, ਇਕ 30 ਬੋਰ ਦਾ ਪਿਸਤੌਲ ਤੇ ਨੌਂ ਐਮਐਮ ਦੇ ਚਾਰ ਜਾਂ ਪੰਜ ਪਿਸਤੌਲ ਵਰਤੇ ਗਏ ਹਨ। ਹਾਲਾਂਕਿ ਪੰਜਾਬ ਤੇ ਦਿੱਲੀ ਪੁਲੀਸ ਕਤਲ ਤੋਂ 45 ਦਿਨਾਂ ਬਾਅਦ ਵੀ ਹਥਿਆਰ ਬਰਾਮਦ ਨਹੀਂ ਕਰ ਸਕੀ ਹੈ। ਪੁਲੀਸ ਸੂਤਰਾਂ ਮੁਤਾਬਕ ਕਾਰਤੂਸਾਂ ਦੀ ਫੋਰੈਂਸਿਕ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਏਕੇ-47 ਤੇ ਪਿਸਤੌਲ ਵਰਤੇ ਗਏ ਹਨ। ਸ਼ੂਟਰਾਂ ਨੇ 25 ਜਾਂ ਉਸ ਤੋਂ ਵੱਧ ਗੋਲੀਆਂ ਕਾਰ ਉਤੇ ਮਾਰੀਆਂ ਸਨ। ਕਈ ਹੋਰ ਗੋਲੀਆਂ ਨੇੜਲੇ ਘਰਾਂ ਦੀਆਂ ਕੰਧਾਂ ਵਿਚ ਫਸੀਆਂ ਤੇ ਕੁਝ ਖੇਤਾਂ ਵਿਚੋਂ ਮਿਲੀਆਂ ਹਨ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਸ਼ੂਟਰਾਂ ਨੇ ਹਥਿਆਰ ਹਰਿਆਣਾ ਵਿਚ ਇਕ ਵਿਅਕਤੀ ਨੂੰ ਸੌਂਪੇ ਤੇ ਮਗਰੋਂ ਵੱਖ-ਵੱਖ ਥਾਵਾਂ ਵੱਲ ਫਰਾਰ ਹੋ ਗਏ। ਜ਼ਿਕਰਯੋਗ ਹੈ ਕਿ ਦਿੱਲੀ ਪੁਲੀਸ ਇਸ ਕੇਸ ਵਿਚ ਪਹਿਲਾਂ ਹੀ ਪ੍ਰਿਆਵਰਤ ਫੌਜੀ, ਕਸ਼ਿਸ਼, ਅੰਕਿਤ ਤੇ ਸਚਿਨ ਭਿਵਾਨੀ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਪੁਲੀਸ ਨੇ ਇਸ ਮਾਮਲੇ ਵਿਚ ਗ੍ਰੇਨੇਡ ਲਾਂਚਰ ਦੇ ਨਾਲ 8 ਗ੍ਰੇਨੇਡ, ਨੌਂ ਇਲੈਕਟ੍ਰਿਕ ਡੈਟੋਨੇਟਰਜ਼, ਇਕ ਅਸਾਲਟ ਰਾਈਫਲ ਤੇ 20 ਕਾਰਤੂਸ ਵੀ ਬਰਾਮਦ ਕੀਤੇ ਸਨ। ਇਸ ਤੋਂ ਇਲਾਵਾ ਤਿੰਨ ਅਤਿ-ਆਧੁਨਿਕ ਪਿਸਤੌਲ ਵੀ ਮਿਲੇ ਸਨ। ਪੁਲੀਸ ਨੇ ਦੱਸਿਆ ਸੀ ਕਿ ਇਹ ਸਾਰਾ ਅਸਲਾ ਹਮਲਾਵਰਾਂ ਦੀ ਦੂਜੀ ਯੋਜਨਾ ਦਾ ਹਿੱਸਾ ਸੀ। ਜੇਕਰ ਹਥਿਆਰ ਕੰਮ ਨਾ ਕਰਦੇ ਤਾਂ ਗ੍ਰੇਨੇਡ ਦੀ ਵਰਤੋਂ ਵੀ ਕੀਤੀ ਜਾ ਸਕਦੀ ਸੀ। ਪਰ ਮੂਸੇਵਾਲਾ ਦੀ ਹੱਤਿਆ ਵਿਚ ਵਰਤੇ ਗਏ ਅਸਲ ਹਥਿਆਰ ਹਾਲੇ ਤੱਕ ਬਰਾਮਦ ਨਹੀਂ ਹੋਏ ਹਨ। ਤਿੰਨ ਹੋਰ ਸ਼ੂਟਰ- ਜਗਰੂਪ ਰੂਪਾ, ਮਨਪ੍ਰੀਤ ਮਾਣੂ ਤੇ ਦੀਪਕ ਮੁੰਡੀ ਅਜੇ ਵੀ ਫਰਾਰ ਹਨ।
ਹਥਿਆਰ ਬਰਾਮਦ ਹੋਣ ਤੱਕ ਅਦਾਲਤ ’ਚ ਅਪਰਾਧ ਸਾਬਿਤ ਕਰਨਾ ਔਖਾ
ਵਾਰਦਾਤ ਵਿਚ ਵਰਤੇ ਗਏ ਹਥਿਆਰ ਮਿਲਣ ਉਤੇ ਇਨ੍ਹਾਂ ਨੂੰ ਫੌਰੈਂਸਿਕ ਜਾਂਚ ’ਚ ਪਛਾਣੇ ਗਏ ਹਥਿਆਰਾਂ ਨਾਲ ਮਿਲਾ ਕੇ ਦੇਖਿਆ ਜਾਵੇਗਾ। ਹਥਿਆਰਾਂ ਦੀ ਰਿਕਵਰੀ ਤੋਂ ਬਿਨਾਂ ਅਦਾਲਤ ਵਿਚ ਇਸ ਅਪਰਾਧ ਨੂੰ ਸਾਬਿਤ ਕਰਨਾ ਬਹੁਤ ਔਖਾ ਹੋਵੇਗਾ। ਇਸ ਤੋਂ ਇਲਾਵਾ ਮੌਕੇ ਉਤੇ ਮਿਲੇ ਕਾਰਤੂਸਾਂ ਨੂੰ ਵੀ ਹਥਿਆਰਾਂ ਨਾਲ ਮਿਲਾਉਣਾ ਜ਼ਰੂਰੀ ਹੈ। ਇਸ ਤੋਂ ਪਹਿਲਾਂ ਪੁਲੀਸ ਅਧਿਕਾਰੀਆਂ ਨੇ ਸੰਕੇਤ ਕੀਤਾ ਸੀ ਕਿ ਵਾਰਦਾਤ ਲਈ ਏਕੇ-94 ਅਸਾਲਟ ਰਾਈਫਲ ਵਰਤੀ ਗਈ ਹੈ। ਪੰਜਾਬ ਦੇ ਫੌਰੈਂਸਿਕ ਮਾਹਿਰਾਂ ਨੇ ਡਿਪਟੀ ਡਾਇਰੈਕਟਰ ਡਾ. ਅਸ਼ਵਨੀ ਕਾਲੀਆ ਦੀ ਅਗਵਾਈ ਵਿਚ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਸੀ ਤੇ ਨਮੂਨੇ ਇਕੱਠੇ ਕੀਤੇ ਸਨ। ਫੋਰੈਂਸਿਕ ਮਾਹਿਰਾਂ ਮੁਤਾਬਕ ਏਕੇ-47 ਤੇ ਏਕੇ-94 ਰਾਈਫਲਾਂ ਵਿਚ ਇਕੋ ਜਿਹੀ ਲੰਬਾਈ (39 ਐਮਐਮ) ਦੇ ਕਾਰਤੂਸ ਪੈਂਦੇ ਹਨ ਪਰ ਇਨ੍ਹਾਂ ਦਾ ਡਾਇਆਮੀਟਰ (ਵਿਆਸ) ਵੱਖ-ਵੱਖ ਹੁੰਦਾ ਹੈ।