ਜੋਗਿੰਦਰ ਸਿੰਘ ਮਾਨ
ਮਾਨਸਾ, 29 ਜੂਨ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਲ ਹੁਣ ਜੱਗੂ ਭਗਵਾਨਪੁਰੀਆ ਦਾ ਨਾਮ ਵੀ ਸ਼ਾਮਲ ਹੋ ਗਿਆ ਹੈ। ਪੁਲੀਸ ਨੂੰ ਸੂਚਨਾ ਮਿਲੀ ਹੈ ਕਿ ਮੂਸੇਵਾਲਾ ਦਾ ਕਤਲ ਕਰਨ ਵਾਲੇ ਸ਼ਾਰਪ ਸ਼ੂਟਰਾਂ ਵਿੱਚੋਂ ਦੋ ਨੂੰ ਹਥਿਆਰ ਜੱਗੂ ਨੇ ਹੀ ਮੁਹੱਈਆ ਕਰਵਾਏ ਸਨ। ਜਾਣਕਾਰੀ ਮੁਤਾਬਿਕ ਜੱਗੂ ਨੂੰ ਗੈਂਗਸਟਰ ਲਾਰੈਂਸ ਵਾਲੇ ਗਰੁੱਪ ਦਾ ਮੈਂਬਰ ਮੰਨਿਆ ਜਾਂਦਾ ਹੈ। ਇਨ੍ਹਾਂ ਮਾਮਲਿਆਂ ਸਬੰਧੀ ਮਾਨਸਾ ਪੁਲੀਸ ਦੀ ਇੱਕ ਟੀਮ ਅੱਜ ਦਿੱਲੀ ਦੇ ਪਟਿਆਲਾ ਹਾਊਸ ਕੋਰਟ ਵਿੱਚ ਪੁੱਜੀ, ਜਿਥੇ ਪੁਲੀਸ ਨੂੰ ਜੱਗੂ ਭਗਵਾਨਪੁਰੀਆ ਦਾ ਟਰਾਂਜ਼ਿਟ ਵਾਰੰਟ ਮਿਲ ਗਿਆ। ਖ਼ਬਰ ਲਿਖੇ ਜਾਣ ਤੱਕ ਪੁਲੀਸ ਨੇ ਤਿਹਾੜ ਜੇਲ੍ਹ ’ਚੋਂ ਜੱਗੂ ਨੂੰ ਆਪਣੀ ਹਿਰਾਸਤ ਵਿੱਚ ਲੈ ਕੇ ਮਾਨਸਾ ਲਈ ਚਾਲੇ ਪਾ ਦਿੱਤੇ ਸਨ। ਭਲਕੇ ਵੀਰਵਾਰ ਨੂੰ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਵੱਖਰੇ ਤੌਰ ’ਤੇ ਰਿਮਾਂਡ ਹਾਸਲ ਕੀਤਾ ਜਾਵੇਗਾ।
ਉਧਰ, ਪੁਲੀਸ ਨੇ ਸਿਵਲ ਹਸਪਤਾਲ ਮਾਨਸਾ ਵਿੱਚ ਜੱਗੂ ਭਗਵਾਨਪੁਰੀਆ ਦਾ ਡਾਕਟਰੀ ਮੁਆਇਨਾ ਕਰਵਾਉਣ ਸਬੰਧੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਦੇ ਕਰ ਲਏ ਹਨ। ਇਸ ਤੋਂ ਇਲਾਵਾ ਮਾਨਸਾ ਦੀ ਅਦਾਲਤ ’ਤੇ ਪੁਲੀਸ ਤਾਇਨਾਤ ਕੀਤੀ ਗਈ ਹੈ। ਇਸੇ ਦੌਰਾਨ ਇੱਕ ਹੋਰ ਸੀਨੀਅਰ ਪੁਲੀਸ ਅਧਿਕਾਰੀ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਕਤਲ ਕਾਂਡ ਵਿੱਚ 4 ਤੋਂ ਜ਼ਿਆਦਾ ਸ਼ੂਟਰ ਦਿੱਲੀ ਤੇ ਪੰਜਾਬ ਪੁਲੀਸ ਦੀ ਜਾਂਚ ਦੌਰਾਨ ਸਾਹਮਣੇ ਆਏ ਹਨ, ਇਨ੍ਹਾਂ ਵਿਚੋਂ ਇਕ ਕਸ਼ਿਸ਼ ਨੂੰ ਦਿੱਲੀ ਪੁਲੀਸ ਗ੍ਰਿਫ਼ਤਾਰ ਕਰ ਚੁੱਕੀ ਹੈ, ਜਦੋਂ ਕਿ ਅੰਕਿਤ ਸ਼ੇਰਸ਼ਾਹ, ਜਗਰੂਪ ਰੂਪਾ ਅੰਮ੍ਰਿਤਸਰ, ਮਨਪ੍ਰੀਤ ਮੰਨੂ ਕੁੱਸਾ (ਮੋਗਾ) ਫਰਾਰ ਹਨ। ਪੁਲੀਸ ਨੂੰ ਸ਼ੱਕ ਹੈ ਕਿ ਜਗਰੂਪ ਰੂਪਾ ਤੇ ਮੰਨੂ ਕੁੱਸਾ ਨੂੰ ਹਥਿਆਰ ਜੱਗੂ ਭਗਵਾਨਪੁਰੀਆ ਨੇ ਹੀ ਦਿੱਤੇ ਹਨ। ਪੁਲੀਸ ਵੱਲੋਂ ਹੁਣ ਜੱਗੂ ਭਗਵਾਨਪੁਰੀਆ ਤੋਂ ਪੁੱਛ-ਪੜਤਾਲ ਕੀਤੀ ਜਾਵੇਗੀ। ਐੱਸਐੱਸਪੀ ਪੁਲੀਸ ਗੌਰਵ ਤੂਰਾ ਨੇ ਦੱਸਿਆ ਕਿ ਮਾਨਸਾ ਪੁਲੀਸ ਦੇ ਅਧਿਕਾਰੀ ਜੱਗੂ ਭਗਵਾਨਪੁਰੀਆ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਦਿੱਲੀ ਤੋਂ ਮਾਨਸਾ ਲਿਆ ਰਹੇ ਹਨ। ਉਨ੍ਹਾਂ ਕਿਹਾ ਕਿ ਭਲਕੇ ਜੱਗੂ ਦਾ ਸਥਾਨਕ ਅਦਾਲਤ ਵਿੱਚੋਂ ਰਿਮਾਂਡ ਪ੍ਰਾਪਤ ਕਰਨ ਲਈ ਅਰਜ਼ੀ ਦਾਇਰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜੱਗੂ ਭਗਵਾਨਪੁਰੀਆ ਦਾ ਸਬੰਧ ਮਨਮੋਹਨ ਸਿੰਘ ਮੋਹਣਾ ਨਾਲ ਸੀ, ਜਿਨ੍ਹਾਂ ਵੱਲੋਂ ਉਸ ਦਾ ਨਾਂ ਲਿਆ ਗਿਆ ਅਤੇ ਮੋਹਣਾ ਨੇ ਉਸ ਦੇ ਕਹਿਣ ’ਤੇ ਹੀ ਸਿੱਧੂ ਮੂਸੇਵਾਲਾ ਦੀ ਰੇਕੀ ਕੀਤੀ ਅਤੇ ਸਾਰਪ ਸ਼ੂਟਰਾਂ ਨੂੰ ਆਪਣੇ ਘਰ ਠਹਿਰਾਇਆ।
ਸਿੱਧੂ ਮੂਸੇਵਾਲਾ ਦੀ ਯਾਦਗਾਰ ’ਤੇ ਬੁੱਤ ਲਾਇਆ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੱਜ ਇੱਕ ਮਹੀਨਾ ਹੋ ਗਿਆ, ਪਰ ਪੁਲੀਸ ਦੇ ਹੱਥ ਹਾਲੇ ਵੀ ਖਾਲੀ ਹਨ। ਉਸ ਦੇ ਮਾਪੇ ਅੱਜ ਵੀ ਆਪਣੇ ਪੁੱਤਰ ਦੇ ਕਾਤਲਾਂ ਨੂੰ ਫੜਨ ਲਈ ਝੋਲੀ ਅੱਡੀ ਖੜ੍ਹੇ ਹਨ। ਉਧਰ ਸਿੱਧੂ ਮੂਸੇਵਾਲਾ ਦੇ ਸਸਕਾਰ ਵਾਲੀ ਜਗ੍ਹਾ ’ਤੇ ਬੁੱਤ ਲਾ ਦਿੱਤਾ ਗਿਆ ਹੈ। ਇਹ ਬੁੱਤ ਪਰਿਵਾਰ ਨੂੰ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਮੰਗਾ ਸਿੰਘ ਅਬੋਹਰ ਨੇ ਭੇਟ ਕੀਤਾ, ਜਿਸ ਨੂੰ ਲੋਕ ਮੱਥਾ ਟੇਕ ਕੇ ਸ਼ਰਧਾਂਜਲੀਆਂ ਭੇਟ ਕਰ ਰਹੇ ਹਨ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ, ਮਾਤਾ ਚਰਨ ਕੌਰ ਸਿੱਧੂ ਅਤੇ ਤਾਇਆ ਚਮਕੌਰ ਸਿੰਘ ਸਿੱਧੂ ਨੇ ਮੁੜ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਸ ਦੇ ਕਾਤਲਾਂ ਨੂੰ ਛੇਤੀ ਫੜਿਆ ਜਾਵੇ।