ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 7 ਜੂਨ
ਸਿੱਧੂ ਮੂਸੇਵਾਲਾ ਕਤਲ ਕਾਂਡ ਮਾਮਲੇ ’ਚ ਪੰਜਾਬ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਪਿੰਡ ਕਾਲਾਂਵਾਲੀ ਵਾਸੀ ਸੰਦੀਪ ਉਰਫ਼ ਕੇਕੜਾ ਨਾਂ ਦੇ ਨੌਜਵਾਨ ਦੇ ਪਿਤਾ ਬਲਦੇਵ ਸਿੰਘ ਨੇ ਦੱਸਿਆ ਕਿ ਉਹ ਨਸ਼ੇ ਦਾ ਆਦੀ ਹੈ ਅਤੇ ਕਈ-ਕਈ ਦਿਨ ਘਰ ਨਹੀਂ ਆਉਂਦਾ। ਪੁਲੀਸ ਨੂੰ ਸ਼ੱਕ ਹੈ ਕਿ ਮੁਲਜ਼ਮ ਕੇਕੜਾ ਨੇ ਸਿੱਧੂ ਮੂਸੇਵਾਲਾ ਦਾ ਪ੍ਰਸ਼ੰਸਕ ਬਣ ਕੇ ਉਸ ਦੀ ਰੇਕੀ ਕੀਤੀ ਸੀ। ਉਸ ਨੇ ਹੀ ਹਮਲਾਵਰਾਂ ਨੂੰ ਮੂਸੇਵਾਲਾ ਦੇ ਘਰੋਂ ਨਿਕਲਣ ਸਣੇ ਵਾਹਨ ਅਤੇ ਗਾਰਡਾਂ ਬਾਰੇ ਜਾਣਕਾਰੀ ਦਿੱਤੀ ਸੀ।
ਪੰਜਾਬ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਸੰਦੀਪ ਉਰਫ਼ ਕੇਕੜਾ ਨਾਂ ਦੇ ਨੌਜਵਾਨ ਦੇ ਪਿਤਾ ਬਲਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਪੁੱਤਰ ਹਨ। ਉਨ੍ਹਾਂ ਦਾ ਵੱਡਾ ਪੁੱਤਰ ਕਤਲ ਕੇਸ ਵਿੱਚ ਜੇਲ੍ਹ ’ਚ ਬੰਦ ਹੈ ਜਦੋਂਕਿ ਦੂਜਾ ਪੁੱਤਰ ਸੰਦੀਪ ਉਰਫ਼ ਕੇਕੜਾ ਹੈਰੋਇਨ ਦਾ ਨਸ਼ਾ ਕਰਦਾ ਹੈ। ਉਹ ਕਦੇ ਹੀ ਘਰ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਉਹ 10-12 ਦਿਨ ਪਹਿਲਾਂ ਘਰ ਆਇਆ ਸੀ, ਇਸ ਤੋਂ ਬਾਅਦ ਫਿਰ ਕਿਧਰੇ ਚਲਾ ਗਿਆ। ਉਨ੍ਹਾਂ ਦੱਸਿਆ ਕਿ ਕੇਕੜਾ ਨੇ ਉਨ੍ਹਾਂ ਨੂੰ ਵੀ ਘਰੋਂ ਕੱਢ ਰੱਖਿਆ ਹੈ। ਬਲਦੇਵ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ ਤੇ ਉਨ੍ਹਾਂ ਦੀ ਇੱਕ ਧੀ ਦੀ ਸ਼ਾਦੀ ਹੋ ਚੁੱਕੀ ਹੈ। ਉਸ ਨੇ ਦੱਸਿਆ ਕਿ ਮੂਸਾ ਪਿੰਡ ਵਿੱਚ ਕੇਕੜਾ ਦੀ ਮਾਸੀ ਹੈ ਜਿਸ ਕਰ ਕੇ ਉਹ ਉੱਥੇ ਜਾਂਦਾ ਰਹਿੰਦਾ ਹੈ।
ਜਾਣਕਾਰੀ ਅਨੁਸਾਰ ਮੁਲਜ਼ਮ ਮਨਪ੍ਰੀਤ ਉਰਫ ਮੰਨਾ ਨੇ ਸਿੱਧੂ ਮੂਸੇਵਾਲਾ ਦੀ ਰੇਕੀ ਕਰਨ ਵਾਲੇ ਕੇਕੜਾ ਬਾਰੇ ਪੁਲੀਸ ਨੂੰ ਜਾਣਕਾਰੀ ਦਿੱਤੀ ਸੀ। ਸੂਤਰਾਂ ਮੁਤਾਬਕ ਡੱਬਵਾਲੀ ਦੀ ਅਦਾਲਤ ਵੱਲੋਂ ਕੇਕੜਾ ਦਾ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੋਇਆ ਹੈ। ਕੇਕੜਾ ਖ਼ਿਲਾਫ਼ ਥਾਣਾ ਕਾਲਾਂਵਾਲੀ ’ਚ ਨਸ਼ਾ ਵਿਰੋਧੀ ਐਕਟ ਤਹਿਤ ਹੋਰ ਵੀ ਕੇਸ ਦਰਜ ਦੱਸੇ ਜਾਂਦੇ ਹਨ।
ਕਤਲ ਵਾਲੇ ਦਿਨ ਕਾਫ਼ੀ ਦੇਰ ਤੱਕ ਕੇਕੜਾ ਮੂਸੇਵਾਲਾ ਦੇ ਘਰ ਦੇ ਬਾਹਰ ਮੌਜੂਦ ਸੀ। ਮੂਸੇਵਾਲਾ ਦੇ ਘਰੋਂ ਬਾਹਰ ਨਿਕਲਣ ’ਤੇ ਉਸ ਨੇ ਗਾਇਕ ਨਾਲ ਸੈਲਫੀ ਵੀ ਲਈ ਸੀ। ਇਸ ਦਾ ਵੀਡੀਓ ਫੁਟੇਜ ਸਾਹਮਣੇ ਆ ਚੁੱਕਾ ਹੈ। ਪੰਜਾਬ ਪੁਲੀਸ ਨੂੰ ਸ਼ੱਕ ਹੈ ਕਿ ਕੇਕੜਾ ਨੇ ਹੀ ਹਮਲਾਵਰਾਂ ਨੂੰ ਫੋਨ ਕੀਤਾ ਸੀ। ਪਿੰਡ ਵਾਸੀਆਂ ਨੇ ਕਿਹਾ ਕਿ ਜੇ ਕੇਕੜਾ ਨੇ ਗੁਨਾਹ ਕੀਤਾ ਹੈ ਤਾਂ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ।