ਬਲਵਿੰਦਰ ਸਿੰਘ ਭੰਗੂ
ਭੋਗਪੁਰ, 9 ਨਵੰਬਰ
ਲਹਿੰਦੇ ਪੰਜਾਬ (ਪਾਕਿਸਤਾਨ) ਦੇ ਜ਼ਿਲ੍ਹਾ ਫ਼ੈਸਲਾਬਾਦ (ਲਾਇਲਪੁਰ) ਦੇ ਪਿੰਡ ਖਿਆਲਾ ਕਲਾਂ ਜੇਬੀ-57 ਵਿੱਚ ਮੁਸਲਮਾਨਾਂ ਨੇ ਸਿੱਖਾਂ ਨਾਲ ਭਾਈਚਾਰਕ ਸਾਂਝ ਨੂੰ ਪ੍ਰਫੁੱਲਿਤ ਕਰਨ ਦੀ ਕੋਸ਼ਿਸ਼ ਤਹਿਤ ਗੁਰਦੁਆਰਾ ਸ਼ਹੀਦ ਬਾਬਾ ਦਿੱਤ ਮੱਲ ਜੀ ਦਾ ਨਵੀਨੀਕਰਨ ਕੀਤਾ। ਹੁਣ ਇੱਥੋਂ ਦਾ ਮੁਸਲਮਾਨ ਭਾਈਚਾਰਾ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਪੱਬਾਂ ਭਾਰ ਹੈ। ਮੁਸਲਮਾਨ ਮਾਸਟਰ ਅੱਲਾ ਰੱਖਾ ਹੋਠੀ ਅਤੇ ਬਾਬਾ ਤਾਰਿਕ ਗੁਰਦੁਆਰਾ ਸ਼ਹੀਦ ਬਾਬਾ ਦਿੱਤ ਮੱਲ ਜੀ ਦੀ ਇਮਾਰਤ ਨੂੰ ਰੰਗ ਰੋਗਨ ਕਰਵਾ ਰਹੇ ਹਨ ਅਤੇ ਗੁਰੂ ਕਾ ਲੰਗਰ ਲਗਾਉਣ ਦੀ ਤਿਆਰੀ ਹੈ। ਉਹ ਗੁਰੂ ਨਾਨਕ ਦੇਵ ਜਗਤ ਗੁਰੂ ਮੰਨਦੇ ਹਨ, ਜਿਨ੍ਹਾਂ ਦੀਆਂ ਸਿੱਖਿਆਵਾਂ ਸਰਬ ਸਾਂਝੀਵਾਲਤਾ ਦਾ ਸੁਨੇਹਾ ਦਿੰਦੀਆਂ ਹਨ। ਉਨ੍ਹਾਂ ਦੱਸਿਆ ਕਿ ਗੁਰਪੁਰਬ ਮੌਕੇ ਗੁਰਦੁਆਰੇ ਵਿੱਚ ਦੀਪ ਮਾਲਾ ਵੀ ਕੀਤੀ ਜਾਵੇਗੀ। ਦੇਸ਼ ਦੀ ਵੰਡ ਤੋਂ ਪਹਿਲਾਂ ਪਿੰਡ ਖਿਆਲਾ ਕਲਾਂ ਜੇਬੀ-57 ਵਿੱਚ ਸਿੱਖਾਂ ਦੀ 85 ਫੀਸਦੀ ਆਬਾਦੀ ਸੀ। ਉੱਥੇ ਗੁਰਦੁਆਰਾ ਸ਼ਹੀਦ ਬਾਬਾ ਦਿੱਤ ਮੱਲ ਜੀ ਵੀ ਸਥਿਤ ਸੀ। ਇਸ ਪਿੰਡ ਵਸਦੇ ਮੁਸਲਮਾਨਾਂ ਨੇ 76 ਸਾਲ ਤੱਕ ਇਸ ਗੁਰਦੁਆਰੇ ਦੀ ਇਮਾਰਤ ਨਾਲ ਕੋਈ ਛੇੜਛਾੜ ਨਹੀਂ ਕੀਤੀ, ਜਦੋਂ ਉਨ੍ਹਾਂ ਨੂੰ ਗੁਰਦੁਆਰੇ ਦੇ ਇਤਿਹਾਸ ਬਾਰੇ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਬਾਬਾ ਤਾਰਿਕ ਨੂੰ ਗੁਰਦੁਆਰੇ ਦੀ ਸੇਵਾ ਕਰਨ ਦੀ ਜ਼ਿੰਮੇਵਾਰੀ ਸੌਂਪ ਦਿੱਤੀ।