ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 8 ਮਈ
ਤਿਹਾੜ ਜੇਲ੍ਹ ਵਿੱਚ ਬੰਦ ਮੁਤਵਾਜ਼ੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਇਸ ਵੇਲੇ ਸਿਰ ਵਿੱਚ ਰਸੌਲੀ ਤੋਂ ਪੀੜਤ ਹਨ। ਇਹ ਖੁਲਾਸਾ ਹਵਾਰਾ ਕਮੇਟੀ ਨੇ ਕੀਤਾ ਹੈ। ਕਮੇਟੀ ਦੇ ਬੁਲਾਰੇ ਪ੍ਰੋ. ਬਲਜਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਮੁਲਾਕਾਤ ਕਰਨ ਗਏ ਐਡਵੋਕੇਟ ਦਿਲਸ਼ੇਰ ਸਿੰਘ ਤੇ ਦਿਲਜੀਤ ਸਿੰਘ ਦਿੱਲੀ ਨੂੰ ਜਗਤਾਰ ਸਿੰਘ ਹਵਾਰਾ ਨੇ ਦੱਸਿਆ ਕਿ ਉਹ ਸਿਰ ਵਿੱਚ ਰਸੌਲੀ ਤੋਂ ਪੀੜਤ ਹਨ, ਜਿਸ ਦਾ ਅਪਰੇਸ਼ਨ ਦਿੱਲੀ ਦੇ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਵਿੱਚ ਹੋਵੇਗਾ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਉਹ ਸਿਹਤਯਾਬ ਹਨ ਅਤੇ ਕਿਸੇ ਵੀ ਮਾਨਸਿਕ ਰੋਗ ਤੋਂ ਪੀੜਤ ਨਹੀਂ ਹਨ। ਉਨ੍ਹਾਂ ਦੱਸਿਆ ਕਿ ਅਦਾਲਤ ਦੇ ਆਦੇਸ਼ਾਂ ਨਾਲ ਭਾਈ ਹਵਾਰਾ ਦਾ ਇਲਾਜ ਸਰਕਾਰੀ ਹਸਪਤਾਲ ਵਿੱਚ ਹੋ ਰਿਹਾ ਹੈ, ਇਸ ਲਈ ਸੰਗਤ ਨੂੰ ਉਨ੍ਹਾਂ ਦੇ ਇਲਾਜ ਵਾਸਤੇ ਫੰਡ ਇਕੱਠਾ ਕਰਨ ਦੀ ਲੋੜ ਨਹੀਂ ਹੈ।