ਚਰਨਜੀਤ ਭੁੱਲਰ
ਚੰਡੀਗੜ੍ਹ, 14 ਨਵੰਬਰ
ਅਦਾਕਾਰਾ ਕੰਗਨਾ ਰਣੌਤ ਦੇ ਤਲਖ਼ ਬੋਲਾਂ ਨੇ ਬਜ਼ੁਰਗ ਮਹਿੰਦਰ ਕੌਰ ਦਾ ਹਿਰਦਾ ਝੰਜੋੜ ਦਿੱਤਾ ਹੈ| ਕੰਗਨਾ ਨੇ ਕਰੀਬ ਇੱਕ ਵਰ੍ਹਾ ਪਹਿਲਾਂ ਇਸ ਬਿਰਧ ਮਾਈ ’ਤੇ ਉਂਗਲ ਚੁੱਕੀ ਸੀ| ਹੁਣ ਜਦੋਂ ਕੰਗਨਾ ਨੇ ਆਜ਼ਾਦੀ ‘ਭੀਖ’ ‘ਚ ਮਿਲੀ ਹੋਣ ਦੀ ਗੱਲ ਆਖ ਕੇ ਸ਼ਹੀਦਾਂ ਦਾ ਅਪਮਾਨ ਕੀਤਾ ਤਾਂ ਬਿਰਧ ਮਹਿੰਦਰ ਕੌਰ ਨੇ ਅੱਖਾਂ ਭਰ ਲਈਆਂ ਅਤੇ ਗੁੱਸੇ ‘ਚ ਆਪੇ ਤੋਂ ਬਾਹਰ ਹੋ ਗਈ| ਮਾਈ ਮਹਿੰਦਰ ਕੌਰ ਖ਼ਬਰਾਂ ਸੁਣ ਕੇ ਕੰਗਨਾ ਬਾਰੇ ਬੋਲੀ, ਕੁੜੀਏ! ਮੂੰਹ ਸੰਭਾਲ ਕੇ ਬੋਲ| ਇਸ ਬੇਬੇ ਨੇ ਕਿਹਾ ਕਿ ਸ਼ਹੀਦਾਂ ਦਾ ਅਪਮਾਨ ਕਿਵੇਂ ਝੱਲ ਲਈਏ|
ਚੇਤੇ ਰਹੇ ਕਿ ਨਵੰਬਰ 2020 ’ਚ ਕੰਗਨਾ ਨੇ ਟਵੀਟ ਕਰਕੇ ਮਹਿੰਦਰ ਕੌਰ ਨੂੰ ਕਿਸਾਨ ਘੋਲ ‘ਚ 100 ਰੁਪਏ ਭਾੜਾ ਲੈ ਕੇ ਕੁੱਦਣ ਵਾਲੀ ਔਰਤ ਦੱਸਿਆ ਸੀ। ਇਸ ਮਾਈ ਦੀ ਫੋਟੋ ਵੀ ਕੰਗਨਾ ਨੇ ਸਾਂਝੀ ਕੀਤੀ ਸੀ| ਬਠਿੰਡਾ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਮਹਿੰਦਰ ਕੌਰ ਦੀ ਉਮਰ 81 ਵਰ੍ਹਿਆਂ ਦੀ ਹੈ| ਏਨੀ ਉਮਰ ਦੇ ਬਾਵਜੂਦ ਉਹ ਕਿਸਾਨੀ ਅੰਦੋਲਨ ਦਾ ਹਿੱਸਾ ਬਣਨ ਲਈ ਦਿੱਲੀ ਗਈ ਸੀ| ਮਹਿੰਦਰ ਕੌਰ ਨੇ ਪੰਜਾਬੀ ਟ੍ਰਿਬਿਊਨ ਕੋਲ ਆਪਣਾ ਦਰਦ ਸਾਂਝਾ ਕੀਤਾ|
ਉਨ੍ਹਾਂ ਕਿਹਾ ਕਿ ਖੂਨ ਡੋਲ ਕੇ ਆਜ਼ਾਦੀ ਲਈ ਹੈ| ਭਗਤ ਸਿੰਘ ਤੇ ਸਰਾਭੇ ਵਰਗੇ ਸੂਰਬੀਰਾਂ ਨੇ ਜਾਨ ਵਾਰ ਕੇ ਮੁਲਕ ਲਈ ਖੁੱਲ੍ਹੀ ਹਵਾ ਦਾ ਬੂਹਾ ਖੋਲ੍ਹਿਆ| ਉਨ੍ਹਾਂ ਕਿਹਾ ਕਿ ਜਿਨ੍ਹਾਂ ਜਾਨ ਧਲੀ ’ਤੇ ਰੱਖ ਕੇ ਆਜ਼ਾਦੀ ਦਾ ਸੰਘਰਸ਼ ਲੜਿਆ, ਉਨ੍ਹਾਂ ’ਤੇ ਉਂਗਲ ਚੁੱਕਣ ਵਾਲੀ ਕੰਗਨਾ ਕੌਣ ਹੁੰਦੀ ਹੈ| ਉਨ੍ਹਾਂ ਕਿਹਾ ਕਿ ਅਸਲ ਵਿਚ ਕੰਗਨਾ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੁਲਾਮ ਹੈ ਅਤੇ ਟਿਕਟਾਂ ਦੇ ਲਾਲਚ ‘ਚ ਸਰਕਾਰਾਂ ਦੀ ਬੋਲੀ ਬੋਲਦੀ ਹੈ| ਉਨ੍ਹਾਂ ਕਿਹਾ ਕਿ ਆਜ਼ਾਦੀ ਭੀਖ ‘ਚ ਨਹੀਂ ਜਾਨਾਂ ਵਾਰ ਕੇ ਲਈ ਸੀ|
ਮਹਿੰਦਰ ਕੌਰ ਨੇ ਕੰਗਨਾ ਨੂੰ ‘ਮੋਦੀ ਭਗਤ’ ਦੱਸਿਆ| ਉਨ੍ਹਾਂ ਕਿਹਾ ਕਿ ‘ਏਹ ਕੁੜੀ ਤਾਕਤ ਦੇ ਨਸ਼ੇ ’ਚ ਉਲਟਾ-ਸਿੱਧਾ ਬੋਲ ਰਹੀ ਹੈ| ‘ਪਹਿਲਾਂ ਕਿਸਾਨੀ ਘੋਲ ਦੇ ਪਿੱਛੇ ਪੈ ਗਈ ਸੀ ਅਤੇ ਹੁਣ ਆਜ਼ਾਦੀ ਘੁਲਾਟੀਏ ਵੀ ਨਹੀਂ ਬਖ਼ਸ਼ੇ| ਮਹਿੰਦਰ ਕੌਰ ਨੇ ਕਿਹਾ ਕਿ ‘ਉਦੋਂ ਪੂਰੇ ਮੁਲਕ ਨੇ ਇਸ ਨੂੰ ਲਾਹਨਤਾਂ ਪਾਈਆਂ ਸਨ, ਫਿਰ ਵੀ ਹਾਲੇ ਚੁੱਪ ਨਹੀਂ ਕਰਦੀ|’ ਬੇਬੇ ਨੇ ਕਿਹਾ ਕਿ ‘ਇਸ ਕੁੜੀ ਨੂੰ ਨਹੀਂ ਭੁੱਲਣਾ ਚਾਹੀਦਾ ਕਿ ਕੱਟੜ ਰਾਜੇ ਪਹਿਲਾਂ ਵੀ ਹੋਏ ਨੇ, ਆਜ਼ਾਦੀ ਘੁਲਾਟੀਏ ਵਿਰਲੇ ਹੁੰਦੇ ਹਨ।’
ਮਹਿੰਦਰ ਕੌਰ ਨੇ ਕਿਹਾ ਕਿ ਮੋਦੀ ਰਾਜ ਦੀ ਗੁਲਾਮੀ ਤੋਂ ਛੇਤੀ ਆਜ਼ਾਦੀ ਮਿਲੂ| ਕਿਸਾਨ ਅੰਦੋਲਨ ਨੇ ਮੁੱਢ ਬੰਨ੍ਹ ਦਿੱਤਾ ਹੈ| ਉਨ੍ਹਾਂ ਕਿਹਾ ਕਿ ਕੰਗਨਾ ਤਾਂ ਮਾਇਆ ਤੇ ਤਾਕਤ ਦੇ ਹੰਕਾਰ ਵਿੱਚ ਬੋਲਦੀ ਹੈ| ਬੇਬੇ ਨੇ ਭਰੋਸੇ ਨਾਲ ਕਿਹਾ ਕਿ ਕਿਸਾਨ ਘੋਲ ਦਾ ਜ਼ਰੂਰ ਮੁੱਲ ਪਵੇਗਾ ਅਤੇ ਛੇਤੀ ਕਿਸਾਨ ਆਪਣੀ ਜੰਗ ਜਿੱਤ ਕੇ ਘਰਾਂ ਨੂੰ ਪਰਤਣਗੇ| ਉਨ੍ਹਾਂ ਦਿੱਲੀ ‘ਚ ਡਟੇ ਕਿਸਾਨਾਂ ਨੂੰ ਹੌਸਲਾ ਦਿੱਤਾ ਕਿ ‘ਤਕੜੇ ਹੋ ਕੇ ਲੱਗੇ ਰਹੋ, ਸ਼ੇਰ ਬੱਗਿਓ, ਦਿਨ ਦੂਰ ਨਹੀਂ|’
ਮਹਿੰਦਰ ਕੌਰ ਦੇ ਪਤੀ ਲਾਭ ਸਿੰਘ ਨੇ ਦੱਸਿਆ ਕਿ ਦੋ ਦਿਨਾਂ ਤੋਂ ਕੰਗਨਾ ਰਣੌਤ ਦੀ ਖ਼ਬਰ ਨੂੰ ਗਹੁ ਨਾਲ ਸੁਣ ਰਹੀ ਹੈ ਪਰ ਉਸ ਦੀ ਕੋਈ ਵਾਹ ਨਹੀਂ ਜਾਂਦੀ| ਲਾਭ ਸਿੰਘ ਨੇ ਕਿਹਾ ਕਿ ਕੰਗਣਾ ਤਾਂ ਚਿਹਰਾ ਹੈ, ਇਸ ਵਿੱਚ ਬੋਲਣ ਵਾਲਾ ਕੋਈ ਹੋਰ ਹੈ|
ਹਮੇਸ਼ਾ ਖੇਤਾਂ ਦੇ ਅੰਗ ਸੰਗ ਰਹੀ..!
ਚੇਤੇ ਰਹੇ ਕਿ ਕੰਗਨਾ ਰਣੌਤ ਵੱਲੋਂ ਉਂਗਲ ਉਠਾਏ ਜਾਣ ਕਰਕੇ ਇਸ ਮਾਈ ਨੇ ਉਸ ਨੂੰ ਤਕੜਾ ਜੁਆਬ ਦਿੱਤਾ ਸੀ| ਉਸ ਮਗਰੋਂ ਇਹ ਮਾਈ ਸੁਰਖ਼ੀਆਂ ਵਿੱਚ ਆ ਗਈ ਸੀ| ਵੱਡੀ ਗਿਣਤੀ ਵਿਚ ਸੰਸਥਾਵਾਂ ਤੇ ਲੋਕਾਂ ਨੇ ਸਨਮਾਨ ਵੀ ਕੀਤਾ ਸੀ| ਇਹ ਮਾਈ ਖੁਦ ਖੇਤੀ ਕਰਦੀ ਰਹੀ ਹੈ ਅਤੇ ਪੂਰੀ ਜ਼ਿੰਦਗੀ ਖੇਤਾਂ ਦੇ ਅੰਗ ਸੰਗ ਰਹੀ ਹੈ| ਕਿਸਾਨ ਘੋਲ ਵਿਚ ਖੁਦ ਵੀ ਜਾਂਦੀ ਰਹੀ ਹੈ ਅਤੇ ਹੁਣ ਵੀ ਕਿਸਾਨੀ ਘੋਲ ਦੀ ਹਰ ਗਤੀਵਿਧੀ ਤੋਂ ਜਾਣੂ ਰਹਿੰਦੀ ਹੈ| ਜਦੋਂ ਕੰਗਨਾ ਨੇ ਇਸ ਬੇਬੇ ’ਤੇ ਟਿੱਪਣੀ ਕੀਤੀ ਸੀ ਤਾਂ ਉਦੋਂ ਦਲਜੀਤ ਦੁਸਾਂਝ ਆਦਿ ਨੇ ਵੀ ਕੰਗਨਾ ਦੀ ਝਾੜ ਝੰਬ ਸੋਸ਼ਲ ਮੀਡੀਆ ’ਤੇ ਕੀਤੀ ਸੀ|