ਐੱਨਪੀ ਧਵਨ
ਪਠਾਨਕੋਟ, 17 ਅਕਤੂਬਰ
ਰੋਜ਼ੀ ਰੋਟੀ ਕਮਾਉਣ ਲਈ ਵਿਦੇਸ਼ ਗਏ ਪਠਾਨਕੋਟ ਜ਼ਿਲ੍ਹੇ ਦੇ ਪਿੰਡ ਧੁਪਸੜੀ ਕੀੜੀ ਗੰਡਿਆਲ (ਭੋਆ) ਵਾਸੀ ਅਮਨਦੀਪ ਸਿੰਘ (40) ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਬੂਆ ਸਿੰਘ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਉਸ ਨੇ 25 ਲੱਖ ਰੁਪਏ ਦਾ ਕਰਜ਼ਾ ਲੈ ਕੇ ਅਮਨਦੀਪ ਨੂੰ ਅਮਰੀਕਾ ਭੇਜਿਆ ਸੀ। ਪਹਿਲਾਂ ਅਮਨਦੀਪ ਰੈਸਤਰਾਂ ਵਿੱਚ ਕੰਮ ਕਰਦਾ ਸੀ ਅਤੇ ਹਫ਼ਤਾ ਪਹਿਲਾਂ ਹੀ ਉਹ ਸਾਰੇ ਦਸਤਾਵੇਜ਼ ਪੂਰੇ ਕਰਕੇ ਟਰੱਕ ਡਰਾਈਵਰ ਬਣਿਆ ਸੀ। ਟਰੱਕ ਡਰਾਈਵਰ ਬਣਦੇ ਸਾਰ ਹੀ ਪਹਿਲਾ ਚੱਕਰ ਲਗਾਉਣ ਮਗਰੋਂ ਅਮਨਦੀਪ ਨੇ ਕੱਲ੍ਹ ਪੂਰੇ ਪਰਿਵਾਰ ਨਾਲ ਗੱਲ ਕੀਤੀ ਅਤੇ ਕਿਹਾ ਕਿ ਉਹ ਮੈਕਸੀਕੋ ਪਹੁੰਚ ਗਿਆ ਹੈ। ਬੂਆ ਸਿੰਘ ਨੇ ਕਿਹਾ ਕਿ ਅਮਨਦੀਪ ਨਾਲ ਉਸ ਦੇ ਰਿਸ਼ਤੇਦਾਰ ਦਾ ਪੁੱਤਰ ਵੀ ਰਹਿੰਦਾ ਸੀ। ਅੱਜ ਉਸ ਦੇ ਰਿਸ਼ਤੇਦਾਰ ਦੇ ਪੁੱਤਰ ਨੇ ਫੋਨ ’ਤੇ ਦੱਸਿਆ ਕਿ ਅਮਨਦੀਪ ਦੀ ਪੇਟ ਦੀਆਂ ਅੰਤੜੀਆਂ ਫਟਣ ਕਾਰਨ ਮੌਤ ਹੋ ਗਈ ਹੈ। ਅਮਨਦੀਪ ਸਿੰਘ ਦਾ ਵਿਆਹ 2012 ਵਿੱਚ ਹੋਇਆ ਸੀ। ਮ੍ਰਿਤਕ ਦੇ ਪਰਿਵਾਰ ਵਿੱਚ ਪਤਨੀ, ਚਾਰ ਸਾਲ ਦਾ ਪੁੱਤਰ ਅਤੇ ਨੌਂ ਸਾਲ ਦੀ ਧੀ ਹੈ। ਪਰਿਵਾਰਕ ਮੈਂਬਰਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਅਮਨਦੀਪ ਦੀ ਲਾਸ਼ ਭਾਰਤ ਲਿਆਉਣ ਦੀ ਮੰਗ ਕੀਤੀ ਹੈ।
ਬਲਾਕ ਨਰੋਟ ਜੈਮਲ ਸਿੰਘ ਸਮਿਤੀ ਦੇ ਚੇਅਰਮੈਨ ਰਾਜ ਕੁਮਾਰ ਸਿਹੋੜਾ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਭਰੋਸਾ ਦਿੱਤਾ ਕਿ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੇ ਧਿਆਨ ਵਿੱਚ ਇਹ ਮਾਮਲਾ ਲਿਆ ਦਿੱਤਾ ਗਿਆ ਹੈ। ਜਲਦੀ ਹੀ ਉਹ ਕੇਂਦਰ ਸਰਕਾਰ ਨਾਲ ਤਾਲਮੇਲ ਕਰਕੇ ਲਾਸ਼ ਨੂੰ ਭਾਰਤ ਲਿਆਉਣ ਦੀ ਚਾਰਾਜੋਈ ਕਰਨਗੇ।