ਜੈਸਮੀਨ ਭਾਰਦਵਾਜ
ਨਾਭਾ, 7 ਸਤੰਬਰ
ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਮੰਗਲਵਾਰ ਨੂੰ ਪੁਲੀਸ ਹਿਰਾਸਤ ’ਚ ਮੌਤ ਦਾ ਖੁ਼ਦ-ਬ-ਖ਼ੁਦ ਨੋਟਿਸ ਲਿਆ ਗਿਆ ਹੈ। ਇਸ ਘਟਨਾ ਵਿਚ ਨਾਭਾ ਸਦਰ ਪੁਲੀਸ ਦਾ ਦਾਅਵਾ ਹੈ ਕਿ ਨਾਬਾਲਗ ਨਾਲ ਜਬਰ ਜਨਾਹ ਦੇ ਮੁਲਜ਼ਮ ਬੂਟਾ ਸਿੰਘ ਨੇ ਗ੍ਰਿਫ਼ਤਾਰੀ ਤੋਂ ਕੁਝ ਘੰਟਿਆਂ ਬਾਅਦ ਥਾਣੇ ਵਿਚ ਖ਼ੁਦਕੁਸ਼ੀ ਕਰ ਲਈ। ਕਮਿਸ਼ਨ ਵੱਲੋਂ ਐੱਸਐੱਸਪੀ ਪਟਿਆਲਾ ਨੂੰ ਨਿਆਂਇਕ ਜਾਂਚ ਦੇ ਨਾਲ ਨਾਲ ਆਪਣੀ ਰਿਪੋਰਟ ਵੀ ਏਡੀਜੀਪੀ ਤੇ ਮਨੁੱਖੀ ਅਧਿਕਾਰ ਨੂੰ ਸੌਂਪਣ ਦੇ ਨਿਰਦੇਸ਼ ਦਿੱਤੇ ਗਏ। ਕਮਿਸ਼ਨ ਦੇ ਨਿਰਦੇਸ਼ ਅਨੁਸਾਰ ਐੱਸਐੱਸਪੀ ਪਟਿਆਲਾ ਨੇ ਆਪਣੀ ਰਿਪੋਰਟ ਦੋ ਮਹੀਨੇ ਦੇ ਅੰਦਰ ਏਡੀਜੀਪੀ ਮਨੁੱਖੀ ਅਧਿਕਾਰ ਕੋਲ ਦਰਜ ਕਰਾਉਣੀ ਹੈ।