ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 9 ਦਸੰਬਰ
ਸਿੱਖ ਜਥੇਬੰਦੀ ਦਲ ਖਾਲਸਾ ਵੱਲੋਂ ਦਸ ਦਸੰਬਰ ਨੂੰ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਮੌਕੇ ਕੀਤੀ ਜਾ ਰਹੀ ਕਨਵੈਨਸ਼ਨ ਵਿੱਚ ਸ਼ਾਮਲ ਹੋਣ ਲਈ ਨਾਗਾ ਲੋਕਾਂ ਦੀ ਜਥੇਬੰਦੀ ‘ਨਾਗਾ ਪੀਪਲ ਮੂਵਮੈਂਟ ਫਾਰ ਹਿਊਮਨ ਰਾਈਟਸ’ ਦਾ ਵਫ਼ਦ ਅੱਜ ਇਥੇ ਪੁੱਜਿਆ। ਸਿੱਖ ਜਥੇਬੰਦੀ ਵੱਲੋਂ ਇਥੇ ਆਪਣੇ ਬੁਨਿਆਦੀ ਤੇ ਸ਼ਹਿਰੀ ਹੱਕਾਂ ਲਈ ਲੜ ਰਹੀਆਂ ਘੱਟ ਗਿਣਤੀਆਂ ਦੀ ਇੱਕ ਕਨਵੈਨਸ਼ਨ ਰੱਖੀ ਗਈ ਹੈ।
‘ਨਾਗਾ ਪੀਪਲ ਮੂਵਮੈਂਟ ਫਾਰ ਹਿਊਮਨ ਰਾਈਟਸ’ ਨੇ ਕੇਂਦਰ ਸਰਕਾਰ ਦੇ ਇਸ ਦਾਅਵੇ ਨੂੰ ਰੱਦ ਕੀਤਾ ਹੈ ਕਿ ਬੀਤੇ ਦਿਨ ਮੋਨ ਜ਼ਿਲ੍ਹੇ ’ਚ ਭਾਰਤੀ ਸੁਰੱਖਿਆ ਬਲਾਂ ਵੱਲੋਂ 14 ਨਾਗਰਿਕਾਂ ਦੀ ਹੋਈ ਹੱਤਿਆ ‘ਗਲਤ ਪਛਾਣ’ ਦਾ ਮਾਮਲਾ ਹੈ। ਜਥੇਬੰਦੀ ਦੇ ਸਕੱਤਰ ਜਨਰਲ ਇੰਗਲੂ ਕਰੋਮ ਤੇ ਸਾਬਕਾ ਸਕੱਤਰ ਜਨਰਲ ਡਾ. ਵੀਨੂੰ ਨੇ ਕਿਹਾ ਕਿ ਜੋ ਲੋਕ ਮਰੇ ਹਨ, ਉਹ ਸਥਾਨਕ ਮਜ਼ਦੂਰ ਵਰਗ ਦੇ ਲੋਕ ਹਨ ਤੇ ਰੋਜ਼ ਹੀ ਮਜ਼ਦੂਰੀ ਕਰਨ ਲਈ ਜਾਂਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂ ਬੇਦੋਸ਼ੇ ਲੋਕਾਂ ’ਤੇ ਅੰਨ੍ਹੇਵਾਹ ਗੋਲੀ ਚਲਾਉਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਨ੍ਹਾਂ ਨੂੰ ਅਤਿਵਾਦੀ ਦਰਸਾਉਣ ਲਈ ਇਨ੍ਹਾਂ ਦੇ ਕੱਪੜੇ ਬਦਲ ਦਿੱਤੇ ਤੇ ਇਨ੍ਹਾਂ ਕੋਲ ਹਥਿਆਰ ਵੀ ਦਰਸਾਏ ਗਏ। ਸਥਾਨਕ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਤੇ ਇਸ ਕਾਰਵਾਈ ਦੌਰਾਨ ਕਈ ਵਾਹਨ ਨੁਕਸਾਨੇ ਗਏ। ਇਸ ਮੌਕੇ ਵੀ ਪ੍ਰਦਰਸ਼ਨਕਾਰੀਆਂ ’ਤੇ ਗੋਲੀਆਂ ਚਲਾਈਆਂ ਗਈਆਂ ਤੇ ਕਈ ਜਾਨਾਂ ਚਲੀਆਂ ਗਈਆਂ। 2015 ਵਿੱਚ ਮੋਦੀ ਸਰਕਾਰ ਤੇ ਨੈਸ਼ਨਲ ਸੋਸ਼ਲਿਸਟ ਕੌਂਸਲ ਆਫ ਨਾਗਾਲੈਂਡ ਵਿਚਾਲੇ ਹੋਏ ਸਮਝੌਤੇ ਨੂੰ ਵੀ ਲਾਗੂ ਕਰਨ ਤੋਂ ਇਨਕਾਰ ਕੀਤਾ ਜਾ ਰਿਹਾ ਹੈ, ਜਿਸ ਵਿੱਚ ਉਨ੍ਹਾਂ ਮੰਨਿਆ ਸੀ ਕਿ ਨਾਗਾ ਲੋਕਾਂ ਦੀ ਵੱਖਰੀ ਪਛਾਣ ਹੈ ਤੇ ਇਨ੍ਹਾਂ ਦੀ ਵੱਖਰੀ ਹੋਂਦ ਹੈ।
ਇਸ ਮੌਕੇ ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ ਤੇ ਹੋਰ ਹਾਜ਼ਰ ਸਨ। ਇਸ ਕਨਵੈਨਸ਼ਨ ਵਿੱਚ ਕਸ਼ਮੀਰੀ ਅਤੇ ਤਾਮਿਲ ਡੈਲੀਗੇਟ ਵੀ ਸ਼ਾਮਲ ਹੋਣਗੇ।