ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 11 ਫਰਵਰੀ
ਨਿਰੋਲ ਸੇਵਾ ਸੰਸਥਾ ਸ੍ਰੀ ਮੁਕਤਸਰ ਸਾਹਿਬ ਵੱਲੋਂ 28 ਫਰਵਰੀ ਤੋਂ 6 ਮਾਰਚ ਤੱਕ 13ਵਾਂ ਮਹਾਨ ਨਗਰ ਕੀਰਤਨ ਕਰਵਾਇਆ ਜਾ ਰਿਹਾ ਹੈ। ਇਹ ਨਗਰ ਕੀਰਤਨ ਸ੍ਰੀ ਮੁਕਤਸਰ ਸਾਹਿਬ ਦੇ ਗੁਰਦੁਆਰਾ ਗੁਪਤਸਰ ਸਾਹਿਬ ਤੋਂ ਆਰੰਭ ਹੋ ਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚੋਂ ਹੁੰਦਾ ਹੋਇਆ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਜਾ ਕੇ ਸੰਪੂਰਨ ਹੋਵੇਗਾ। ਮੁੱਖ ਸੇਵਾਦਾਰ ਡਾ. ਜਗਦੀਪ ਸਿੰਘ ਸੋਢੀ ਨੇ ਦੱਸਿਆ ਕਿ 28 ਫਰਵਰੀ ਨੂੰ ਗੁਰਦੁਆਰਾ ਗੁਪਤਸਰ ਸਾਹਿਬ ਤੋਂ ਆਰੰਭ ਹੋਣ ਵਾਲੇ ਇਸ ਨਗਰ ਕੀਰਤਨ ਦਾ ਪਹਿਲੇ ਦਿਨ ਦਾ ਵਿਸ਼ਰਾਮ ਜ਼ਿਲ੍ਹਾ ਫਰੀਦਕੋਟ ਵਿਚ ਹੋਵੇਗਾ। ਅਗਲੇ ਦਿਨ ਪਹਿਲੀ ਮਾਰਚ ਨੂੰ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਢਿੱਲਵਾਂ ’ਚ ਸੁਸ਼ੋਭਿਤ ਗੁਰਦੁਆਰਾ ਗੋਦਾਵਰੀਸਰ ਸਾਹਿਬ ਤੋਂ ਚੱਲ ਕੇ ਜ਼ਿਲ੍ਹਾ ਫਿਰੋਜ਼ਪੁਰ ਦੇ ਗੁਰਦੁਆਰਾ ਜਾਮਣੀ ਸਾਹਿਬ ਵਿਚ ਵਿਸ਼ਰਾਮ ਹੋਵੇਗਾ। ਦੋ ਮਾਰਚ ਨੂੰ ਇੱਥੋਂ ਸਵੇਰੇ ਸੱਤ ਵਜੇ ਚੱਲ ਕੇ ਨਗਰ ਕੀਰਤਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ, ਤਿੰਨ ਮਾਰਚ ਨੂੰ ਗੁਰਦੁਆਰਾ ਗੰਗਸਰ ਸਾਹਿਬ ਕਰਤਾਰਪੁਰ, ਚਾਰ ਮਾਰਚ ਨੂੰ ਗੁਰਦੁਆਰਾ ਪਾਤਸ਼ਾਹੀ ਛੇਵੀਂ ਪੁਲਪੁਖਤਾ ਅਤੇ ਪੰਜ ਮਾਰਚ ਨੂੰ ਗੁਰਦੁਆਰਾ ਪਾਤਸ਼ਾਹੀ ਪਹਿਲੀ ਡੇਰਾ ਬਾਬਾ ਨਾਨਕ ਵਿਚ ਰਾਤ ਦਾ ਵਿਸ਼ਰਾਮ ਹੋਵੇਗਾ। ਛੇ ਮਾਰਚ ਨੂੰ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ, ਨਾਰੋਵਾਲ ਪਹੁੰਚ ਕੇ ਨਗਰ ਕੀਰਤਨ ਦੀ ਸਮਾਪਤੀ ਹੋਵੇਗੀ।