ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 11 ਫਰਵਰੀ
ਪੰਜਾਬ ਲੋਕ ਸੇਵਾ ਕਮਿਸ਼ਨ ਵੱਲੋਂ ਨਾਇਬ ਤਹਿਸੀਲਦਾਰਾਂ ਦੀ ਭਰਤੀ ਲਈ ਪ੍ਰੀਖਿਆ ਪੰਜਾਬ ਤੇ ਚੰਡੀਗੜ੍ਹ ਦੇ ਸਕੂਲਾਂ ਤੇ ਕਾਲਜਾਂ ਵਿੱਚ ਕਰਵਾਈ ਜਾਵੇਗੀ। ਇਸ ਸਬੰਧੀ ਪੀਪੀਐੱਸਸੀ ਦੇ ਸਕੱਤਰ ਪ੍ਰੀਖਿਆਵਾਂ ਨੇ ਚੰਡੀਗੜ੍ਹ ਦੀ ਡਾਇਰੈਕਟਰ ਸਕੂਲ ਐਜੂਕੇਸ਼ਨ ਨੂੰ ਪੱਤਰ ਲਿਖ ਕੇ ਪ੍ਰੀਖਿਆ ਦਾ ਪ੍ਰਬੰਧ ਕਰਨ ਲਈ ਕਿਹਾ ਹੈ। ਇਸ ਤੋਂ ਇਲਾਵਾ ਇਹੀ ਪੱਤਰ ਪੰਜਾਬ ਦੇ ਸਿੱਖਿਆ ਵਿਭਾਗ ਨੂੰ ਵੀ ਜਾਰੀ ਕੀਤਾ ਗਿਆ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਇਹ ਪ੍ਰੀਖਿਆ 20 ਮਾਰਚ ਨੂੰ ਦੁਪਹਿਰ 12 ਤੋਂ 2 ਵਜੇ ਤੱਕ ਲਈ ਜਾਵੇਗੀ ਤੇ ਪ੍ਰੀਖਿਆ ਦੇਣ ਲਈ ਲਗਪਗ 40 ਹਜ਼ਾਰ ਉਮੀਦਵਾਰ ਆਉਣਗੇ। ਇਹ ਜਾਣਕਾਰੀ ਮਿਲੀ ਹੈ ਕਿ ਕਮਿਸ਼ਨ ਨੇ ਦਸੰਬਰ 2020 ਵਿੱਚ 78 ਨਾਇਬ ਤਹਿਸੀਲਦਾਰ ਨਿਯੁਕਤ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਤੇ ਇਸ ਲਈ ਪ੍ਰੀਖਿਆ ਫਰਵਰੀ 2021 ਵਿੱਚ ਲਈ ਜਾਣੀ ਸੀ, ਪਰ ਪੀਪੀਐੱਸਸੀ ਦੇ ਚੇਅਰਮੈਨ ਦਾ ਕਾਰਜਕਾਲ ਸਮਾਪਤ ਹੋਣ ਕਰ ਕੇ ਪ੍ਰੀਖਿਆ ਲਈ ਨਹੀਂ ਜਾ ਸਕੀ। ਹੁਣ ਨਵੇਂ ਚੇਅਰਮੈਨ ਦੀ ਨਿਯੁਕਤੀ ਹੋਣ ਤੋਂ ਬਾਅਦ ਇਸ ਪ੍ਰੀਖਿਆ ਦਾ ਵੇਰਵਾ ਭੇਜਿਆ ਗਿਆ ਹੈ। ਇਸ ਲਈ ਕਰੋਨਾ ਦੇ ਲੱਛਣਾਂ ਵਾਲਿਆਂ ਲਈ ਵੱਖਰੇ ਕਮਰਿਆਂ ਦਾ ਇੰਤਜ਼ਾਮ ਵੀ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਬਾਅਦ ਡਾਇਰੈਕਟਰ ਸਕੂਲ ਐਜੂਕੇਸ਼ਨ ਪਾਲਿਕਾ ਅਰੋੜਾ ਨੇ ਸਕੂਲਾਂ ਤੇ ਕਾਲਜਾਂ ਨੂੰ ਪੱਤਰ ਜਾਰੀ ਕਰਕੇ ਕਮਰਿਆਂ ਦੀ ਗਿਣਤੀ ਨਸ਼ਰ ਕਰਨ ਲਈ ਕਿਹਾ ਹੈ।
ਪੰਜਾਬ ਲੋਕ ਕਮਿਸ਼ਨ ਦੇ ਸਕੱਤਰ ਪ੍ਰੀਖਿਆਵਾਂ ਡਾ. ਕਰਮਜੀਤ ਸਿੰਘ ਨੇ ਦੱਸਿਆ ਕਿ ਇਹ ਪ੍ਰੀਖਿਆ ਮਾਰਚ ਵਿੱਚ ਲਏ ਜਾਣ ਦੀ ਤਜਵੀਜ਼ ਹੈ ਤੇ ਆਖਰੀ ਫੈ਼ਸਲਾ ਕਰੋਨਾ ਮਹਾਮਾਰੀ ਦੇ ਹਾਲਾਤ ਦੇਖਣ ਤੋਂ ਬਾਅਦ ਹੀ ਲਿਆ ਜਾਵੇਗਾ।