ਇਕਬਾਲ ਸਿੰਘ ਸ਼ਾਂਤ
ਲੰਬੀ, 7 ਜੂਨ
ਕਿਸਾਨ ਤੇ ਆੜ੍ਹਤੀ ਦੇ ਨਹੁੰ ਮਾਸ ਦਾ ਰਿਸ਼ਤਾ ਉਦੋਂ ਖੂਨੋਂ-ਖੂਨ ਹੋ ਗਿਆ ਜਦੋਂ ਆੜ੍ਹਤੀ ਨੇ ਕਿਸਾਨ ਦੀ ਮਿਹਤਨ ਦੇ ਪੈਸੇ ਨਾ ਦਿੱਤੇ ਤਾਂ ਆਧਨੀਆਂ ਦੇ ਕਿਸਾਨ ਗੁਰਪ੍ਰੀਤ ਸਿੰਘ ਨੇ ਫਾਹਾ ਲੈ ਕੇ ਖੁ਼ਦਕੁਸ਼ੀ ਕਰ ਲਈ। ਲੰਬੀ ਪੁਲੀਸ ਨੇ ਮ੍ਰਿਤਕ ਦੇ ਪੁੱਤਰ ਦੇ ਬਿਆਨ ‘ਤੇ ਮਲੋਟ ਦੇ ਆੜ੍ਹਤੀ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਗੁਰਪ੍ਰੀਤ ਸਿੰਘ ਕੋਲ ਸਾਢੇ ਤਿੰਨ ਏਕੜ ਜ਼ਮੀਨ ਸੀ। ਉਸ ਨੇ ਸਾਲ 2017 ਵਿੱਚ ਐੱਸਬੀ ਕਮਿਸ਼ਨ ਏਜੰਟ ਮਲੋਟ ਨੂੰ ਕਣਕ ਵੇਚੀ ਸੀ। ਉਸ ਨੇ ਆੜ੍ਹਤੀ ਤੋਂ 81 ਹਜ਼ਾਰ ਰੁਪਏ ਲੈਣੇ ਸਨ। ਇਸ ਕਿਸਾਨ ਦੀ ਕਮਿਸ਼ਨ ਏਜੰਟ ਨਾਲ ਪਿਛਲੇ ਵੀਹ ਸਾਲਾਂ ਤੋਂ ਆੜ੍ਹਤ ਸੀ। ਮ੍ਰਿਤਕ ਦੇ ਪੁੱਤਰ ਅਨੁਸਾਰ ਕਈ ਵਾਰ ਰੁਪਏ ਮੰਗੇ। ਉਹ ਰੁਪਏ ਦੇਣ ਲਈ ਤਿਆਰ ਨਹੀਂ ਹੋਏ, ਜਿਸ ਕਰਕੇ ਗੁਰਪ੍ਰੀਤ ਸਿੰਘ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿਣ ਲੱਗਾ ਤੇ ਬੀਤੀ ਰਾਤ ਕਰੀਬ 11 ਵਜੇ ਘਰ ਵਿਚਲੇ ਕਮਰੇ ਵਿੱਚ ਛੱੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਖੁ਼ਦਕੁਸ਼ੀ ਕਰ ਲਈ। ਥਾਣਾ ਲੰਬੀ ਦੇ ਮੁਖੀ ਜਤਿੰਦਰ ਸਿੰਘ ਨੇ ਆਖਿਆ ਕਿ ਮ੍ਰਿਤਕ ਦੇ ਲੜਕੇ ਹਰਮਨਦੀਪ ਸਿੰਘ ਦੇ ਬਿਆਨ ‘ਤੇ ਐਸਬੀ ਕਮਿਸ਼ਨ ਏਜੰਟ ਦੇ ਦੋ ਹਿੱਸੇਦਾਰਾਂ ਧਰਮਵੀਰ ਬੱਤਰਾ ਉਰਫ਼ ਬਿੱਟੂ ਬੱਤਰਾ ਅਤੇ ਬੋਘਾ ਸਿੰਘ ਵਾਸੀ ਝੋਰੜ ਖ਼ਿਲਾਫ਼ ਧਾਰਾ 306 ਅਤੇ 34 ਮੁਕੱਦਮਾ ਦਰਜ ਕੀਤਾ ਹੈ। ਅਜੇ ਤੱਕ ਗ੍ਰਿਫ਼ਤਾਰੀ ਬਾਕੀ ਹੈ।