ਸਰਬਜੀਤ ਸਿੰਘ ਭੰਗੂ
ਪਟਿਆਲਾ, 2 ਅਗਸਤ
ਇੱਥੇ ‘ਪੰਜਾਬ ਨੰਬਰਦਾਰਾ ਐਸੋਸੀਏਸ਼ਨ (ਗਾਲਬਿ)’ ਦੇ ਸੂਬਾਈ ਪਰਮਿੰਦਰ ਸਿੰਘ ਗਾਲਬਿ ਦੀ ਅਗਵਾਈ ਹੇਠ ਵੱਖ ਵੱਖ ਜ਼ਿਲ੍ਹਿਆਂ ਤੋਂ ਪੁੱਜੇ ਹਜ਼ਾਰਾਂ ਨੰਬਰਦਾਰਾਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਪ੍ਰਦਰਸ਼ਨ ਕੀਤਾ। ਨੰਬਰਦਾਰ ਪਹਿਲਾਂ ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਚੜ੍ਹਦੇ ਪਾਸੇ ਸਥਿਤ ਗੁਰਦੁਆਰਾ ਮੋਤੀ ਬਾਗ ਵਿਖੇ ਇਕੱਠੇ ਹੋਏ। ਇਥੇ ਤਕਰੀਰਾਂ ਮਗਰੋਂ ਉਨ੍ਹਾਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਚਾਲੇ ਪਾ ਦਿੱਤੇ ਪਰ ਪਹਿਲਾਂ ਤੋਂ ਹੀ ਪੁਖਤਾ ਸੁਰੱਖਿਆ ਪ੍ਰਬੰਧਾਂ ਨਾਲ ਲੈੱਸ ਭਾਰੀ ਪੁਲੀਸ ਫੋਰਸ ਦੇ ਦਖ਼ਲ ਕਾਰਨ ਕਾਫ਼ਲੇ ਦਾ ਰੁਖ਼ ਰਾਘੋਮਾਜਰਾ ਪੁਲੀ ਵੱਲ ਮੁੜ ਗਿਆ। ਉਥੋਂ ਮੋਦੀ ਕਾਲਜ ਚੌਕ ਹੁੰਦਾ ਹੋਇਆ ਕਾਫ਼ਲਾ ਜਦੋਂ ਵਾਈਪੀਐੱਸ ਚੌਕ ਪੁੱਜਿਆ ਤਾਂ ਪੁਲੀਸ ਨੇ ਇਸ ਨੂੰ ਇਥੇ ਹੀ ਰੋਕ ਲਿਆ। ਇਥੇ ਨੌਜਵਾਨਾਂ ਦੀ ਇੱੱਕ ਟੋਲੀ ਰੋਕਾਂ ਟੱਪ ਕੇ ਮੋਤੀ ਮਹਿਲ ਤੱਕ ਪਹੁੰਚਣ ਦੇ ਮਨਸੂਬੇ ਤਹਿਤ ਅੱਗੇ ਵੀ ਵਧੀ ਪਰ ਥਾਣਾ ਸਿਵਲ ਲਾਈਨ ਦੇ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਨੇ ਮਾਈਕ ਰਾਹੀਂ ਅੱਗੇ ਨਾ ਵਧਣ ਦੀਆਂ ਅਪੀਲਾਂ ਕੀਤੀਆਂ। ਇਸ ਤੋਂ ਪਹਿਲਾਂ ਕਿ ਕਿਸੇ ਤਰ੍ਹਾਂ ਦਾ ਤਣਾਅ ਪੈਦਾ ਹੁੰਦਾ ਨੰਬਰਦਾਰ ਯੂਨੀਅਨ ਦੇ ਆਗੂਆਂ ਨੇ ਖ਼ੁਦ ਹੀ ਸਾਥੀਆਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ।
ਇਸ ਮਗਰੋਂ ਚੌਕ ’ਚ ਧਰਨਾ ਮਾਰਦਿਆਂ ਨੰਬਰਦਾਰਾਂ ਨੇ ਮੰਗ ਕੀਤੀ ਕਿ ਨੰਬਰਦਾਰੀ ਪਹਿਲਾਂ ਦੀ ਤਰ੍ਹਾਂ ਜੱਦੀ-ਪੁਸ਼ਤੀ ਰਹੇ, ਮਾਣ ਭੱਤਾ ਪੰਜ ਹਜ਼ਾਰ ਹੋਵੇ, ਸਿਹਤ ਬੀਮਾ ਹੋਵੇ ਅਤੇ ਬੱਸ ਸਫ਼ਰ ਤੇ ਟੌਲ ਟੈਕਸ ਤੋਂ ਛੋਟ ਮਿਲੇ। ਬਲਵਿੰਦਰ ਸਿੰਘ ਦੌਣਕਲਾਂ, ਜਗਜੀਤ ਸਿੰਘ ਨਣਾਣਸੂੰ, ਜਗਸੀਰ ਲਾਟੀ ਅਤੇ ਖੁਸ਼ਵੀਰ ਸਿੰਘ ਨੇ ਦੱਸਿਆ ਕਿ 12 ਅਗਸਤ ਦੀ ਮੁੱਖ ਮੰਤਰੀ ਦੇ ਪ੍ਰਮੁੱਖ ਮੁੱਖ ਸਕੱਤਰ ਨਾਲ ਮੀਟਿੰਗ ਮੁਕੱਰਰ ਹੋਣ ਮਗਰੋਂ ਧਰਨਾ ਸਮਾਪਤ ਕਰ ਦਿੱਤਾ ਗਿਆ ਹੈ।