ਟ੍ਰਬਿਿਊੂਨ ਨਿਊਜ਼ ਸਰਵਿਸ
ਅੰਮ੍ਰਿਤਸਰ, 30 ਮਈ
ਨਾਨਕਸ਼ਾਹੀ ਕੈਲੰਡਰ ਵਿਵਾਦ ਦੇ ਚਲਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਇਸ ਵਾਰ ਵੀ ਗੁਰੂ ਅਰਜਨ ਦੇਵ ਦੇ ਸ਼ਹੀਦੀ ਪੁਰਬ ਮੌਕੇ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਨਹੀਂ ਭੇਜਿਆ ਜਾ ਰਿਹਾ ਹੈ। ਨਾਨਕਸ਼ਾਹੀ ਕੈਲੰਡਰ ਵਿਵਾਦ ਕਾਰਨ ਇਹ ਸ਼ਹੀਦੀ ਪੁਰਬ ਦੋ ਵੱਖ-ਵੱਖ ਤਰੀਕਾਂ 3 ਜੂਨ ਨੂੰ ਭਾਰਤ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਅਤੇ 16 ਜੂਨ ਨੂੰ ਪਾਕਿਸਤਾਨ ਵਿੱਚ ਪੀਐੱਸਜੀਪੀਸੀ ਵੱਲੋਂ ਮਨਾਇਆ ਜਾ ਰਿਹਾ ਹੈ। ਪੀਐੱਸਜੀਪੀਸੀ ਸ਼ੁਰੂ ਤੋਂ ਹੀ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਦੇ ਰਹੀ ਹੈ ਅਤੇ ਉਸ ਮੁਤਾਬਕ ਹੀ ਗੁਰਪੁਰਬ ਅਤੇ ਹੋਰ ਦਿਹਾੜੇ ਮਨਾ ਰਹੀ ਹੈ ਜਦਕਿ ਸ਼੍ਰੋਮਣੀ ਕਮੇਟੀ ਵੱਲੋਂ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਦਿੱਤੀ ਗਈ ਹੈ।
ਪਾਕਿਸਤਾਨ ਸਥਿਤ ਔਕਾਫ ਬੋਰਡ ਵੱਲੋਂ ਪਾਕਿਸਤਾਨ ਵਿੱਚ ਮਨਾਏ ਜਾਂਦੇ ਸ਼ਹੀਦੀ ਸਮਾਗਮ ਦੇ ਪ੍ਰੋਗਰਾਮ ਮੁਤਾਬਕ ਹੀ ਸਿੱਖ ਸ਼ਰਧਾਲੂਆਂ ਨੂੰ 16 ਜੂਨ ਵਾਸਤੇ ਵੀਜ਼ੇ ਦਿੱਤੇ ਜਾਣਗੇ ਜਦਕਿ ਸ਼੍ਰੋਮਣੀ ਕਮੇਟੀ ਇਹ ਸ਼ਹੀਦੀ ਪੁਰਬ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ 3 ਜੂਨ ਨੂੰ ਮਨਾ ਰਹੀ ਹੈ ਅਤੇ ਇਸੇ ਮੁਤਾਬਕ ਜਥਾ ਭੇਜਣਾ ਚਾਹੁੰਦੀ ਹੈ। ਇਸ ਮਿਤੀ ਵਾਸਤੇ ਵੀਜ਼ੇ ਮਿਲਣ ਦੀ ਸੰਭਾਵਨਾ ਨਹੀਂ ਹੈ, ਜਿਸ ਕਾਰਨ ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਭੇਜਣ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਹੈ।
ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਭੇਜਿਆ ਜਾਵੇਗਾ ਜਥਾ
ਹੁਣ ਸ਼੍ਰੋਮਣੀ ਕਮੇਟੀ ਨੇ ਸਿੱਖ ਸ਼ਰਧਾਲੂਆਂ ਦਾ ਜਥਾ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਭੇਜਣ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਬਰਸੀ ਸਮਾਗਮ 29 ਜੂਨ ਨੂੰ ਲਾਹੌਰ ਸਥਿਤ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ’ਤੇ ਮਨਾਇਆ ਜਾਵੇਗਾ। ਇਸ ਸਬੰਧੀ ਸਿੱਖ ਸ਼ਰਧਾਲੂਆਂ ਦਾ ਜਥਾ 21 ਜੂਨ ਨੂੰ ਜਾਵੇਗਾ। ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਮਗਰੋਂ 30 ਜੂਨ ਨੂੰ ਵਾਪਸ ਆਵੇਗਾ। ਇਸ ਦਾ ਖੁਲਾਸਾ ਸ਼੍ਰੋਮਣੀ ਕਮੇਟੀ ਦੇ ਸਕੱਤਰ ਡਾ. ਪਰਮਜੀਤ ਸਿੰਘ ਸਰੋਆ ਨੇ ਵੀ ਕੀਤਾ ਹੈ।