ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 2 ਅਪਰੈਲ
ਤਖਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਹੋਲੇ ਮਹੱਲੇ ਵਾਲੇ ਦਿਨ ਸਿੱਖਾਂ ਅਤੇ ਪੁਲੀਸ ਵਿਚਾਲੇ ਵਾਪਰੀ ਹਿੰਸਕ ਘਟਨਾ ਦੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਦਾ ਇਕ ਵਫਦ ਜਲਦੀ ਹੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਲਈ ਜਾਵੇਗਾ ਤਾਂ ਕਿ ਇਸ ਮਾਮਲੇ ਵਿਚ ਸਿੱਖਾਂ ਨੂੰ ਨਿਆਂ ਦਿਵਾਇਆ ਜਾ ਸਕੇ।
ਇਸ ਘਟਨਾ ਤੋਂ ਬਾਅਦ ਨਾਂਦੇੜ ਵਿਖੇ ਸਿੱਖ ਸੰਗਤਾਂ ਖ਼ਿਲਾਫ਼ ਪੁਲੀਸ ਵਲੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖਾਂ ਨੇ ਜਜ਼ਬਾਤੀ ਹੁੰਦਿਆਂ ਇਹ ਕਾਰਵਾਈ ਕੀਤੀ ਹੈ, ਜਿਸ ਬਾਰੇ ਮਹਾਰਾਸ਼ਟਰ ਸਰਕਾਰ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝਣ ਦਾ ਯਤਨ ਕਰੇ।
ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਕਮੇਟੀ ਦਾ ਪੰਜ ਮੈਂਬਰੀ ਵਫ਼ਦ ਜਲਦੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਲਈ ਮੁੰਬਈ ਜਾਵੇਗਾ। ਉਨ੍ਹਾਂ ਕਿਹਾ ਕਿ ਹੋਲਾ ਮਹੱਲਾ ਸਮਾਗਮ ਲਈ ਪ੍ਰਵਾਨਗੀ ਨਹੀਂ ਦਿੱਤੀ ਗਈ ਜਿਸ ਕਾਰਨ ਇਹ ਘਟਨਾ ਵਾਪਰੀ।
ਬੁੱਢਾ ਦਲ ਵੱਲੋਂ ਸਿੱਖਾਂ ਖ਼ਿਲਾਫ਼ ਦਰਜ ਕੇਸ ਰੱਦ ਕਰਨ ਦੀ ਅਪੀਲ
਼ਨਿਹੰਗ ਸਿੰਘ ਜਥੇਬੰਦੀ ਬੁੱਢਾ ਦਲ ਨੇ ਪ੍ਰਧਾਨ ਮੰਤਰੀ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਹੋਲੇ ਮਹੱਲੇ ਮੌਕੇ ਵਾਪਰੀ ਘਟਨਾ ਦੇ ਸਬੰਧ ਵਿਚ ਜਿਨ੍ਹਾਂ ਸਿੱਖਾਂ ਖਿਲਾਫ ਕੇਸ ਦਰਜ ਕੀਤੇ ਗਏ ਹਨ, ਉਨ੍ਹਾਂ ਨੂੰ ਰੱਦ ਕੀਤਾ ਜਾਵੇ ਅਤੇ ਗ੍ਰਿਫਤਾਰ ਕੀਤੇ ਸਿੱਖ ਰਿਹਾਅ ਕੀਤੇ ਜਾਣ। ਇਸ ਸਬੰਧ ਵਿਚ ਜਥੇਬੰਦੀ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਆਖਿਆ ਕਿ ਇਸ ਮਾਮਲੇ ਨੂੰ ਤਖਤਾਂ ਦੇ ਜਥੇਦਾਰ ਅਤੇ ਸੰਤ ਮਹਾਂਪੁਰਸ਼ ਵੀ ਗੰਭੀਰਤਾ ਨਾਲ ਲੈਣ ਅਤੇ ਮਾਮਲੇ ਨੂੰ ਵਿਚਾਰਦਿਆਂ ਪੀੜਤ ਸਿੱਖਾਂ ਦੀ ਮਦਦ ਲਈ ਅੱਗੇ ਆਉਣ। ਜਥੇਬੰਦੀ ਦੇ ਸਕੱਤਰ ਦਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਮੁਖੀ ਬਾਬਾ ਬਲਬੀਰ ਸਿੰਘ ਨੇ ਇਸ ਘਟਨਾ ’ਤੇ ਅਫਸੋਸ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਨਾਂਦੇੜ ਵਿਚ ਪੁਰਾਤਨ ਸਮੇਂ ਤੋਂ ਹੀ ਹੋਲੇ ਮਹੱਲੇ ਦੀ ਸਿੱਖ ਪ੍ਰੰਪਰਾ ਚੱਲੀ ਆ ਰਹੀ ਹੈ, ਜਿਸ ਵਿਚ ਨਿਹੰਗ ਸਿੰਘਾਂ ਵਲੋਂ ਨਾਨਕ ਨਾਮਲੇਵਾ ਸੰਗਤ ਦੇ ਸਹਿਯੋਗ ਨਾਲ ਇਹ ਤਿਉਹਾਰ ਮਨਾਇਆ ਜਾਂਦਾ ਹੈ। ਹੁਣ ਉਥੋਂ ਦੇ ਪ੍ਰਸ਼ਾਸਨ ਵਲੋਂ ਕਰੋਨਾ ਦੇ ਨਾਂ ’ਤੇ ਪਾਬੰਦੀ ਲਾਈ ਗਈ ਸੀ, ਜੋ ਜਾਇਜ਼ ਨਹੀਂ ਸੀ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਸਿੱਖਾਂ ਦੀ ਦੇਸ਼ ਭਗਤੀ, ਲੋਕ ਸੇਵਾ ਅਤੇ ਭਾਈਚਾਰਕ ਸਾਂਝ ਨੂੰ ਵੀ ਧਿਆਨ ਵਿਚ ਰੱਖੇ। ਉਨ੍ਹਾਂ ਕਿਹਾ ਕਿ ਨਿਹੰਗ ਸਿੰਘ ਜਥੇਬੰਦੀ ਦੇ ਆਗੂ ਜਲਦੀ ਹੀ ਨਾਂਦੇੜ ਜਾਣਗੇ ।