ਪੱਤਰ ਪ੍ਰੇਰਕ
ਮੰਡੀ ਲੱਖੇਵਾਲੀ, 19 ਨਵੰਬਰ
ਖੇਤੀ ਕਾਨੂੰਨ ਰੱਦ ਕਰਵਾਉਣ ਲਈ ਪਹਿਲੇ ਦਿਨ ਤੋਂ ਹੀ ਟਿਕਰੀ ਹੱਦ ’ਤੇ ਡਟੇ ਪਿੰਡ ਨੰਦਗੜ੍ਹ ਦੇ ਕਿਸਾਨ ਜਸਵਿੰਦਰ ਸਿੰਘ (57) ਦੀ ਅੱਜ ਮੌਤ ਹੋ ਗਈ। ਟਿਕਰੀ ਹੱਦ ’ਤੇ ਉਸ ਦੇ ਸਾਥੀਆਂ ਨੇ ਦੱਸਿਆ ਕਿ ਅੱਜ ਜਦੋਂ ਉਨ੍ਹਾਂ ਜਸਵਿੰਦਰ ਦੇ ਤੰਬੂ ਵਿੱਚ ਜਾ ਕੇ ਦੇਖਿਆ ਤਾਂ ਉਹ ਬੇਹੋਸ਼ ਪਿਆ ਸੀ। ਮਗਰੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਦੇ ਪਰਿਵਾਰ ਵਿੱਚ ਪਤਨੀ, ਇੱਕ ਧੀ ਅਤੇ ਦੋ ਪੁੱਤਰ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਅਕਸਰ ਫੋਨ ’ਤੇ ਕਿਹਾ ਕਰਦਾ ਸੀ ਕਿ ਉਹ ਜਾਂ ਜਿੱਤ ਕੇ ਆਵੇਗਾ ਜਾਂ ਸ਼ਹੀਦ ਹੋਵੇਗਾ। ਅੱਜ ਖੇਤੀ ਕਾਨੂੰਨ ਵਾਪਸ ਹੋਣ ਦੇ ਐਲਾਨ ਵਾਲੇ ਦਿਨ ਸ਼ਹੀਦ ਹੋ ਕੇ ਜਸਵਿੰਦਰ ਦੋਵੇਂ ਬੋਲ ਪੁਗਾ ਗਿਆ।