ਸ਼ਗਨ ਕਟਾਰੀਆ
ਬਠਿੰਡਾ, 19 ਅਗਸਤ
ਪਿਛਲੇ ਦਿਨੀਂ ਮਾਰੇ ਗਏ ਗੈਂਗਸਟਰ ਕੁਲਵੀਰ ਨਰੂਆਣਾ ’ਤੇ ਹਮਲੇ ਸਬੰਧੀ ਬਠਿੰਡਾ ਪੁਲੀਸ ਵੱਲੋਂ ਉੱਤਰਾਖੰਡ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦੇ ਗਏ ਗੈਂਗਸਟਰਾਂ ਦੀ ਨਿਸ਼ਾਨਦੇਹੀ ’ਤੇ ਪੁਲੀਸ ਨੇ ਉਨ੍ਹਾਂ ਦੇ 2 ਹੋਰ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਐੱਸਐੱਸਪੀ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਨੇ ਦੱਸਿਆ ਕਿ 21 ਜੂਨ ਨੂੰ ਕੁਝ ਗੈਂਗਸਟਰਾਂ ਨੇ ਕੁਲਵੀਰ ਨਰੂਆਣਾ ਦੀ ਗੱਡੀ ’ਤੇ ਹਮਲਾ ਕੀਤਾ ਸੀ। ਉਦੋਂ ਨਰੂਆਣਾ ਦੇ ਬਿਆਨਾਂ ’ਤੇ ਪੁਲੀਸ ਨੇ ਗੈਂਗਸਟਰ ਸੰਦੀਪ ਸਿੰਘ ਉਰਫ਼ ਸੇਖ਼ੂ ਭੱਲਾ ਵਾਸੀ ਬਠਿੰਡਾ, ਫ਼ਤਹਿ ਸਿੰਘ ਵਾਸੀ ਗੋਬਿੰਦਪੁਰਾ ਨਾਗਰੀ (ਜ਼ਿਲ੍ਹਾ ਸੰਗਰੂਰ), ਮਾਨ ਸਿੰਘ ਅਤੇ ਨੀਰਜ ਚਸਕਾ ਦੋਵੇਂ ਵਾਸੀ ਜੈਤੋ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਵਾਰਦਾਤ ਮਗਰੋਂ ਸੇਖ਼ੂ ਭੱਲਾ ਤੇ ਫ਼ਤਹਿ ਸਿੰਘ ਆਪਣੇ ਸਾਥੀ ਅਮਨਦੀਪ ਸਿੰਘ ਅਮਨਾ ਵਾਸੀ ਉੱਭਾ (ਜ਼ਿਲ੍ਹਾ ਮਾਨਸਾ) ਸਮੇਤ ਉੱਤਰਾਖੰਡ ਚਲੇ ਗਏ ਸਨ। ਬੀਤੀ 19 ਜੁਲਾਈ ਨੂੰ ਉੱਤਰਾਖੰਡ ਅਤੇ ਪੰਜਾਬ ਪੁਲੀਸ ਨੇ ਸਾਂਝੀ ਕਾਰਵਾਈ ਦੌਰਾਨ ਇਨ੍ਹਾਂ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਲੰਘੀ 12 ਅਗਸਤ ਨੂੰ ਬਠਿੰਡਾ ਪੁਲੀਸ ਤਿੰਨਾਂ ਨੂੰ ਉੱਤਰਾਖੰਡ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਬਠਿੰਡਾ ਲੈ ਕੇ ਆਈ ਅਤੇ ਪੰਜ ਦਿਨਾਂ ਪੁਲੀਸ ਰਿਮਾਂਡ ਹਾਸਲ ਕੀਤਾ। ਪੁੱਛ-ਪੜਤਾਲ ਦੌਰਾਨ ਉਨ੍ਹਾਂ ਨੇ ਆਪਣੇ ਪੰਜ ਸਹਿਯੋਗੀਆਂ ਬਾਰੇ ਦੱਸਿਆ। ਇਨ੍ਹਾਂ ’ਚੋਂ ਮਨਪ੍ਰੀਤ ਸਿੰਘ ਉਰਫ਼ ਰਾਜੂ ਵਾਸੀ ਰਾਮਪੁਰਾ ਅਤੇ ਗਗਨਦੀਪ ਸਿੰਘ ਉਰਫ਼ ਬਾਦਲ ਵਾਸੀ ਬਠਿੰਡਾ ਨੂੰ ਅੱਜ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਗੈਂਗਸਟਰਾਂ ਕੋਲੋਂ 5 ਪਿਸਤੌਲ 32 ਬੋਰ, 6 ਕਾਰਤੂਸ, ਇੱਕ ਪਿਸਤੌਲ 30 ਬੋਰ ਤੇ 3 ਕਾਰਤੂਸ ਤੋਂ ਇਲਾਵਾ ਦੋ ਕਾਰਾਂ ਬਰਾਮਦ ਹੋਈਆਂ ਹਨ। ਇਨ੍ਹਾਂ ਗੈਂਗਸਟਰਾਂ ਨੇ ਹਨੂੰਮਾਨਗੜ੍ਹ ਦੇ ਗੰਨ ਹਾਊਸ ਤੋਂ ਹਥਿਆਰ ਖ਼ਰੀਦੇ ਸਨ। ਐੱਸਐੱਸਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਗੈਂਗਸਟਰਾਂ ਦੇ ਤਿੰਨ ਸਾਥੀਆਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।