ਖੇਤਰੀ ਪ੍ਰਤੀਨਿਧ
ਲੁਧਿਆਣਾ, 9 ਨਵੰਬਰ
ਇਥੇ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ (ਲੁਧਿਆਣਾ ) ਵਿਖੇ ਕਰਵਾਇਆ ਗਿਆ ਨਾਟਕ ਮੇਲਾ ਪੂੰਜੀਪਤੀਆਂ ਅਤੇ ਦੇਸੀ- ਵਿਦੇਸ਼ੀ ਕਾਰਪੋਰੇਟਾਂ ਵੱਲੋਂ ਲੋਕਾਂ ਦੀ ਕੀਤੀ ਜਾ ਰਹੀ ਅੰਨ੍ਹੀ ਲੁੱਟ ਅਤੇ ਵਾਤਾਵਰਨ ਨੂੰ ਪ੍ਰਦੂਸ਼ਤ ਕਰਨ ਲਈ ਪੈਸੇ ਦੀ ਲਾਲਸਾ ਨੂੰ ਬੇਪਰਦ ਕਰ ਗਿਆ।
ਸ਼ਹੀਦ ਕਰਤਾਰ ਸਿੰਘ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਅਤੇ ਮਹਾਂ ਸਭਾ ਲੁਧਿਆਣਾ ਅਤੇ ਸ਼ਹੀਦ ਬਾਬਾ ਭਾਨ ਸਿੰਘ ਟਰੱਸਟ ਵੱਲੋਂ ਕਰਵਾਏ ਇਸ ਨਾਟਕ ਮੇਲੇ ਦੌਰਾਨ ਕ੍ਰਾਂਤੀ ਕਲਾ ਕੇਂਦਰ ਲੁਧਿਆਣਾ ਵੱਲੋਂ ਤਰਲੋਚਨ ਸਿੰਘ ਦੇ ਲਿੱਖੇ ਅਤੇ ਜਗਜੀਤ ਸਿੰਘ ਦੀ ਨਿਰਦੇਸ਼ਨਾ ਹੇਠ ਖੇਡੇ ਨਾਟਕ ‘ਆਖਰੀ ਅਲਫਾਜ’ ਰਾਹੀਂ ਤਿਓਹਾਰਾਂ ਮੌਕੇ ਪਟਾਕਿਆਂ ਅਤੇ ਹੋਰ ਸਾਮਾਨ ਵੇਚ ਕੇ ਲੋਕਾਂ ਤੋਂ ਕਰੋੜਾਂ ਰੁਪਏ ਕਮਾਉਣ ਵਾਲੇ ਕਾਰਪੋਰੇਟਰਾਂ ਵੱਲੋਂ ਵਾਤਾਵਰਨ ਪ੍ਰਦੂਸ਼ਿਤ ਕਰਨ ਵਿੱਚ ਨਿਭਾਈ ਜਾ ਰਹੀ ਭੂਮਿਕਾ ’ਤੇ ਪੇਸ਼ਕਾਰੀ ਕੀਤੀ ਗਈ। ਨਾਟਕ ਰਾਹੀਂ ਤਿਉਹਾਰ ਸਾਦੇ ਢੰਗ ਨਾਲ ਮਨਾਉਣ ਲਈ ਦਰਸ਼ਕਾਂ ਤੋਂ ਪ੍ਰਣ ਕਰਵਾਇਆ ਗਿਆ।
ਇਹ ਨਾਟਕ ਕਰੋਨਾ ਕਰਕੇ ਬਰੁਜ਼ਗਾਰ ਹੋਏ ਮਜ਼ਦੂਰਾਂ, ਸਰਕਾਰਾਂ ਅਤੇ ਪੂੰਜੀਪਤੀਆਂ ਦੀ ਸਾਂਝ ਨੂੰ ਵੀ ਉਜਾਗਰ ਕਰ ਗਿਆ। ਇਸੇ ਤਰ੍ਹਾਂ ਰੰਗ ਮੰਚ ਰੰਗ ਨਗਰੀ ਲੁਧਿਆਣਾ ਵੱਲੋਂ ਦਵਿੰਦਰ ਗਿੱਲ ਦਾ ਲਿਖਿਆ ਨਾਟਕ ‘ਮਾਇਆ ਜਾਲ’ ਤਰਲੋਚਨ ਸਿੰਘ ਦੀ ਨਿਰਦੇਸ਼ਨਾ ਹੇਠ ਖੇਡਿਆ ਗਿਆ। ਇਸ ਰਾਹੀਂ ਕਾਰਪੋਰੇਟ ਕੰਪਨੀਆਂ ਵੱਲੋਂ ਕਿਸਾਨਾਂ ਨਾਲ ਕੀਤੇ ਵਾਅਦਿਆਂ ਤੋਂ ਮੁਕਰ ਕੇ ਉਨ੍ਹ੍ਵਾਂ ਦੀਆਂ ਫ਼ਸਲਾਂ ਮੁਫ਼ਤ ਦੇ ਭਾਅ ਖ਼ਰੀਦਣ ਲਈ ਵਰਤੇ ਜਾਂਦੇ ਝੂਠੇ ਬਹਾਨੇ ਅਤੇ ਹੱਥ-ਕੰਡਿਆਂ ਨੂੰ ਦਰਸਾਇਆ ਗਿਆ।
ਮੀਡੀਆ ਨੂੰ ਪੈਸੇ ਦੇ ਜ਼ੋਰ ਆਪਣੇ ਪੱਖ ਵਿੱਚ ਝੂਠਾ ਪ੍ਰਚਾਰ ਕਰਨ ਲਈ ਵਰਤਣ ਦੇ ਢੰਗ ਨੂੰ ਵੀ ਬੇਪਰਦ ਕੀਤਾ ਗਿਆ।
ਸਟੇਜ ਸੰਚਾਲਨ ਕਰਦਿਆਂ ਜਨਰਲ ਸਕੱਤਰ ਜਸਵੰਤ ਜੀਰਖ ਨੇ ਲੋਕਾਂ ਨੂੰ ਮੌਜੂਦਾ ਚੱਲ ਰਹੇ ਕਿਸਾਨੀ ਸੰਘਰਸ਼ ਦੀ ਹਮਾਇਤ ਕਰਨ ਲਈ ਪ੍ਰੇਰਿਤ ਕਰਦਿਆਂ ਦੇਸ਼ ਨੂੰ ਵੇਚਣ ਦੇ ਰਾਹ ਪਏ ਸਿਆਸਤਦਾਨਾਂ / ਹਾਕਮਾਂ ਦੇ ਲੋਕ ਵਿਰੋਧੀ ਕਾਰਨਾਮਿਆਂ ਵਿਰੁੱਧ ਉੱਠਣ ਦਾ ਸੱਦਾ ਦਿੱਤਾ। ਇਸ ਮੌਕੇ ਗੁਰਮੇਲ ਸਿੰਘ ਗਿੱਲ, ਪ੍ਰਧਾਨ ਕਰਨਲ ਜੇਐੱਸ ਬਰਾੜ ਨੇ ਇਸ ਯਾਦਗਾਰ ਤੇ ਹਰ ਮਹੀਨੇ ਅਜਿਹੇ ਪ੍ਰੋਗਰਾਮ ਕਰਵਾਏ ਜਾਣ ਦਾ ਸੰਦੇਸ਼ ਦਿੱਤਾ।