ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 17 ਜੂਨ
ਕੇਂਦਰ ਸਰਕਾਰ ਵੱਲੋਂ ਅੱਜ ਐਲਾਨੇ ਗਏ ਕੌਮੀ ਪੁਰਸਕਾਰ ਪੰਜਾਬ ਦੀ ਇੱਕ ਜ਼ਿਲ੍ਹਾ ਪਰਿਸ਼ਦ, 2 ਬਲਾਕ ਸਮਿਤੀਆਂ ਅਤੇ 7 ਗ੍ਰਾਮ ਪੰਚਾਇਤਾਂ ਦੀ ਝੋਲੀ ਪਏ ਹਨ। ਕੇਂਦਰ ਨੇ ਅੱਜ ਸਾਲ 2018-19 ਦੇ ਪੁਰਸਕਾਰਾਂ ਦਾ ਐਲਾਨ ਕੀਤਾ ਹੈ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕੌਮੀ ਪੁਰਸਕਾਰ ਜੇਤੂ ਪੰਚਾਇਤੀ ਰਾਜ ਸੰਸਥਾਵਾਂ ਨੂੰ ਵਧਾਈ ਦਿੱਤੀ ਹੈ। ਪੰਚਾਇਤ ਵਿਭਾਗ ਦੀ ਵਿੱਤ ਕਮਿਸ਼ਨਰ ਸੀਮਾ ਜੈਨ ਨੇ ਦੱਸਿਆ ਕਿ ਕਿ ਇਨ੍ਹਾਂ ਪੰਚਾਇਤੀ ਰਾਜ ਸੰਸਥਾਵਾਂ ਨੂੰ ਦੀਨਦਿਆਲ ਉਪਾਧਿਆਏ ਪੰਚਾਇਤ ਸਸ਼ਕਤੀਕਰਨ ਪੁਰਸਕਾਰ ਲਈ ਚੁਣਿਆ ਗਿਆ ਹੈ। ਇਨ੍ਹਾਂ ਵਿਚ ਜ਼ਿਲ੍ਹਾ ਪਰਿਸ਼ਦ ਮੁਕਤਸਰ ਨੂੰ 50 ਲੱਖ, ਬਲਾਕ ਸਮਿਤੀ ਮਾਛੀਵਾੜਾ ਅਤੇ ਨਵਾਂ ਸ਼ਹਿਰ ਨੂੰ 25 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸੇ ਤਰ੍ਹਾਂ ਮੋਗਾ ਜ਼ਿਲ੍ਹੇ ਦੀ ਗ੍ਰਾਮ ਪੰਚਾਇਤ ਰਣਸੀਂਹ ਕਲਾਂ, ਰੋਪੜ ਦੇ ਪਿੰਡ ਬੱੜਾ, ਸੰਗਰੂਰ ਦੇ ਪਿੰਡ ਭੱਦਲਵੜ, ਮੁਹਾਲੀ ਦੇ ਪਿੰਡ ਢਕੋਰਾ ਕਲਾਂ, ਲੁਧਿਆਣਾ ਦੇ ਪਿੰਡ ਰੁਰੇਵਾਲ, ਜਲੰਧਰ ਦੇ ਪਿੰਡ ਸੀਚੇਵਾਲ, ਫਰੀਦਕੋਟ ਦੇ ਪਿੰਡ ਟਹਿਣਾ ਦੀ ਪੰਚਾਇਤ ਨੂੰ 5 ਤੋਂ 10 ਲੱਖ ਰੁਪਏ ਦਿੱਤੇ ਜਾਣਗੇ। ਇਸ ਤੋਂ ਇਲਾਵਾ ਗ੍ਰਾਮ ਪੰਚਾਇਤ ਰਣਸੀਹ ਕਲਾਂ ਨੂੰ ਨਾਨਾ ਜੀ ਦੇਸ਼ਮੁਖ ਰਾਸ਼ਟਰੀ ਗੌਰਵ ਪੁਰਸਕਾਰ ਲਈ ਵੀ ਚੁਣਿਆ ਗਿਆ ਹੈ। ਇਸ ਦੀ ਇਨਾਮੀ ਰਾਸ਼ੀ 10 ਲੱਖ ਰੁਪਏ ਹੈ। ਬੱਚਿਆਂ ਦੀ ਸਿਹਤ ਅਤੇ ਵਿਕਾਸ ਲਈ ਕੰਮ ਕਰਨ ਵਾਲੀ ਗ੍ਰਾਮ ਪੰਚਾਇਤ ਨੂੰ 5 ਲੱਖ ਦੀ ਇਨਾਮੀ ਰਾਸ਼ੀ ਵਾਲਾ ਚਾਈਲਡ ਫਰੈਂਡਲੀ ਗ੍ਰਾਮ ਪੰਚਾਇਤ ਐਵਾਰਡ ਦਿੱਤਾ ਜਾਂਦਾ ਹੈ, ਜੋ ਅਸਰਪੁਰ ਨੇ ਹਾਸਲ ਕੀਤਾ ਹੈ।